ਹੰਟਾਵਾਇਰਸ ਕਾਰਨ ਤਿੰਨ ਦੀ ਮੌਤ ਤਿੰਨ ਵਿਅਕਤੀ ਹੋਏ ਬਿਮਾਰ

ਕੇਪ ਟਾਊਨ, 5 ਮਈ 2026 : ਅਟਲਾਂਟਿਕ ਮਹਾਸਾਗਰ (Atlantic Ocean) ਵਿਖੇ ਯਾਤਰੀਆਂ ਨੂੰ ਲਿਜਾ ਰਹੇ ਇਕ ਕਰੂਜ਼ ਤੇ ਹੰਟਾਵਾਇਰਸ (Hantavirus) ਦੇ ਫੈਲਣ ਕਾਰਨ ਤਿੰਨ ਦੀ ਮੌਤ (Death) ਤੇ ਤਿੰਨ ਦੇ ਬਿਮਾਰ ਹੋਣ ਦਾ ਪਤਾ ਚੱਲਿਆ ਹੈ ।

ਕੀ ਜਾਣਕਾਰੀ ਦਿੱਤੀ ਡਬਲਿਊ. ਐਚ. ਓ. ਨੇ

ਕਰੂਜ਼ ਤੇ ਵਾਪਰੇ ਇਸ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਸਿਹਤ ਸੰਗਠਨ (World Health Organization) ਅਤੇ ਦੱਖਣੀ ਅਫ਼ਰੀਕਾ ਦੇ ਸਿਹਤ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਘੱਟੋ-ਘੱਟ ਇਕ ਮਾਮਲੇ ਵਿਚ ਹੰਟਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ । ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਰਿਪੋਰਟ ਦਿਤੀ ਕਿ ਇਕ ਮਰੀਜ਼ ਦੱਖਣੀ ਅਫਰੀਕਾ ਦੇ ਇਕ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿਚ ਹੈ, ਜਦੋਂ ਕਿ ਜਹਾਜ਼ ’ਤੇ ਇਸ ਲੱਛਣ ਵਾਲੇ ਦੋ ਹੋਰ ਮਰੀਜ਼ਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ ।

ਕੀ ਆਖਿਆ ਦੱਖਣੀ ਅਫਰੀਕਾ ਦੇ ਸਿਹਤ ਵਿਭਾਗ ਨੇ

ਕਰੂਜ਼ ਜਹਾਜ਼ ਨੂੰ ਚਲਾਉਣ ਵਾਲੀ ਡੱਚ ਕੰਪਨੀ ਦੇ ਅਨੁਸਾਰ ਜਹਾਜ਼ ਇਸ ਸਮੇਂ ਅਫ਼ਰੀਕਾ ਦੇ ਪੱਛਮੀ ਤੱਟ ਤੋਂ ਦੂਰ ਇਕ ਟਾਪੂ ਦੇਸ਼ ਕੇਪ ਵਰਡੇ ਦੇ ਨੇੜੇ ਡੌਕ ਕੀਤਾ ਗਿਆ ਹੈ। ਸਥਾਨਕ ਅਧਿਕਾਰੀ ਸਹਾਇਤਾ ਪ੍ਰਦਾਨ ਕਰ ਰਹੇ ਹਨ, ਪਰ ਕਿਸੇ ਨੂੰ ਵੀ ਉਤਰਨ ਦੀ ਇਜਾਜ਼ਤ ਨਹੀਂ ਦਿਤੀ ਗਈ ਹੈ । ਕੰਪਨੀ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਵਿਚੋਂ ਚਾਲਕ ਦਲ ਦੇ 2 ਮੈਂਬਰਾਂ ਨੂੰ ਤੁਰਤ ਡਾਕਟਰੀ ਸਹਾਇਤਾ ਦੀ ਲੋੜ ਹੈ । ਦੱਖਣੀ ਅਫ਼ਰੀਕਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਕਰੂਜ਼ ’ਤੇ 150 ਸੈਲਾਨੀ ਸਵਾਰ ਸਨ । ਡੱਚ ਝੰਡੇ ਵਾਲਾ ਕਰੂਜ਼ ਜਹਾਜ਼, ਐਮਵੀ ਹੋਂਡੀਅਸ, ਲਗਭਗ ਤਿੰਨ ਹਫ਼ਤੇ ਪਹਿਲਾਂ ਅਰਜਨਟੀਨਾ ਤੋਂ ਰਵਾਨਾ ਹੋਇਆ ਸੀ ਅਤੇ ਸਪੇਨ ਦੇ ਕੈਨਰੀ ਟਾਪੂਆਂ ਵਲ ਜਾ ਰਿਹਾ ਸੀ ।

ਜਹਾਜ਼ ਵਿਚ ਪਹਿਲੀ ਮੌਤ ਹੋਈ ਸੀ ਇਕ 70 ਸਾਲਾ ਵਿਅਕਤੀ ਦੀ

ਵਿਭਾਗ ਅਨੁਸਾਰ ਜਹਾਜ਼ ਵਿਚ ਪਹਿਲੀ ਮੌਤ ਇਕ 70 ਸਾਲਾ ਵਿਅਕਤੀ ਦੀ ਹੋਈ, ਜਿਸ ਦੀ ਲਾਸ਼ ਦੱਖਣੀ ਅਟਲਾਂਟਿਕ ਵਿਚ ਇਕ ਬ੍ਰਿਟਿਸ਼ ਖੇਤਰ ਸੇਂਟ ਹੇਲੇਨਾ ਵਿਚ ਉਤਾਰੀ ਗਈ ਸੀ । ਉਸ ਦੀ ਪਤਨੀ ਨੀਦਰਲੈਂਡਜ਼ ਲਈ ਉਡਾਣ ਫੜਨ ਲਈ ਦੱਖਣੀ ਅਫ਼ਰੀਕੀ ਹਵਾਈ ਅੱਡੇ ’ਤੇ ਪਹੁੰਚੀ, ਜਿੱਥੇ ਉਹ ਅਚਾਨਕ ਡਿੱਗ ਪਈ ਅਤੇ ਨੇੜਲੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ । ਡਬਲਿਊ. ਐਚ. ਓ. (W. H. O.) ਨੇ ਕਿਹਾ ਕਿ ਸੰਗਠਨ ਅਟਲਾਂਟਿਕ ਮਹਾਂਸਾਗਰ ਵਿਚ ਇਕ ਕਰੂਜ਼ ਨਾਲ ਸਬੰਧਤ ਇਸ ਘਟਨਾ ਤੋਂ ਜਾਣੂ ਹੈ ਅਤੇ ਸਹਿਯੋਗ ਕਰ ਰਿਹਾ ਹੈ । ਪ੍ਰਯੋਗਸ਼ਾਲਾ ਟੈਸਟਿੰਗ ਅਤੇ ਮਹਾਂਮਾਰੀ ਵਿਗਿਆਨ ਜਾਂਚਾਂ ਸਮੇਤ ਇਕ ਵਿਸਤ੍ਰਿਤ ਜਾਂਚ ਚੱਲ ਰਹੀ ਹੈ। ਯਾਤਰੀਆਂ ਅਤੇ ਚਾਲਕ ਦਲ ਨੂੰ ਡਾਕਟਰੀ ਸਹਾਇਤਾ ਮਿਲ ਰਹੀ ਹੈ ।