ਪਟਨਾ, 8 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਵਿਖੇ ਬਿਨਾਂ ਜਾਇਜ਼ ਕਾਗਜ਼ਾਤਾਂ ਦੇ ਰਹਿ ਰਹੀ ਇਕ ਯੂਕ੍ਰੇਨੀ ਔਰਤ (Ukrainian woman) ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।
ਪੁਲਸ ਨੇ ਮਹਿਲਾ ਵਿਰੁੱਧ ਕਰ ਦਿੱਤੀ ਹੈ ਕਾਨੂੰਨੀ ਕਾਰਵਾਈ ਸ਼ੁਰੂ
ਬਿਹਾਰ ਦੇ ਪੂਰਬੀ ਚੰਪਾਰਨ ਜਿਲੇ ਵਿਚ ਭਾਰਤ-ਨੇਪਾਲ ਅੰਤਰਰਾਸ਼ਟਰੀ ਸਰਹੱਦ `ਤੇ ਪੁਲਸ ਤੇ ਹਥਿਆਰਬੰਦ ਸਰਹੱਦੀ ਫੋਰਸ (ਐੱਸ. ਐੱਸ. ਬੀ.) ਦੀ ਸਾਂਝੀ ਕਾਰਵਾਈ ਵਿਚ ਯੂਕ੍ਰੇਨ ਦੀ ਇਕ ਮਹਿਲਾ ਨਾਗਰਿਕ ਨੂੰ ਬਿਨਾਂ ਜਾਇਜ਼ ਯਾਤਰਾ ਅਤੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਦੇ ਗ੍ਰਿਫ਼ਤਾਰ ਕੀਤਾ ਗਿਆ ਹੈ । ਔਰਤ `ਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਰਹਿਣ ਅਤੇ ਹਰਪੁਰ ਬਾਰਡਰ ਦੇ ਰਸਤੇ ਨੇਪਾਲ ਵਿਚ ਦਾਖਲ ਹੋਣ ਦੀ ਕੋਸਿ਼ਸ਼ ਕਰਨ ਦਾ ਦੋਸ਼ ਹੈ । ਪੁਲਸ ਮਾਮਲੇ ਵਿਚ ਅਗਲੇਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ ।
ਮਹਿਲਾ ਨਹੀਂ ਦਿਖਾ ਸਕੀ ਭਾਰਤ ਵਿਚ ਰਹਿਣ ਅਤੇ ਯਾਤਰਾ ਸਬੰਧੀ ਕਾਗਜ਼ਾਤ
ਪੁਲਸ ਅਨੁਸਾਰ ਹਰਪੁਰ ਥਾਣੇ ਦੀ ਪੁਲਸ ਅਤੇ ਐੱਸ. ਐੱਸ. ਬੀ. ਦੀ ਸਾਂਝੀ ਟੀਮ ਸੈਨਿਕ ਰੋਡ ਨੇੜੇ ਜੋ ਭਾਰਤ-ਨੇਪਾਲ ਸਰਹੱਦੀ ਖੇਤਰ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾ ਰਹੀ ਸੀ ਨੂੰ ਇਸੇ ਦੌਰਾਨ ਇਕ ਵਿਦੇਸ਼ੀ ਔਰਤ (Foreign woman) ਦੀਆਂ ਗਤੀਵਿਧੀਆਂ ਸ਼ੱਕੀ ਜਾਪੀਆਂ, ਜਿਸ `ਤੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ । ਪੁੱਛਗਿੱਛ ਦੌਰਾਨ ਜਦੋਂ ਉਸ ਕੋਲੋਂ ਭਾਰਤ ਵਿਚ ਰਹਿਣ ਅਤੇ ਯਾਤਰਾ ਨਾਲ ਸਬੰਧਤ ਦਸਤਾਵੇਜ਼ ਮੰਗੇ ਗਏ, ਤਾਂ ਉਹ ਪਾਸਪੋਰਟ ਵੀਜ਼ਾ ਜਾਂ ਕੋਈ ਹੋਰ ਜਾਇਜ਼ ਇਮੀਗ੍ਰੇਸ਼ਨ ਦਸਤਾਵੇਜ਼ (Immigration documents) ਪੇਸ਼ ਨਹੀਂ ਕਰ ਸਕੀ ।
ਕੀ ਸਾਹਮਣੇ ਆਇਆ ਹੈ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ
ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਔਰਤ ਬਿਨਾਂ ਕਿਸੇ ਜਾਇਜ਼ ਇਜਾਜ਼ਤ ਦੇ ਭਾਰਤ ਵਿਚ ਰਹਿ ਰਹੀ ਸੀ ਅਤੇ ਹਰਪੁਰ ਸਰਹੱਦ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਨੇਪਾਲ ਜਾਣ ਦੀ ਕੋਸਿ਼ਸ਼ ਕਰ ਰਹੀ ਸੀ । ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਕਾਨੂੰਨੀ ਤੌਰ `ਤੇ ਗ੍ਰਿਫ਼ਤਾਰ (Arrested) ਕਰ ਲਿਆ । ਉਸ ਦੇ ਖਿ਼ਲਾਫ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ (Case registered) ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।








