Patiala Help Club Logo

ਵਿਜੀਲੈਂਸ ਨੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰਿਕਵਰੀ ਏਜੰਟ ਕੀਤਾ ਕਾਬੂ

ਲੁਧਿਆਣਾ, 8 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਰਿਸ਼ਵਤ ਲੈਣ ਦੇ ਦੋਸ਼ ਹੇਠ ਇਕ ਰਿਕਵਰੀ ਏਜੰਟ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਦੱਸਿਆ ਵਿਜੀਲੈਂਸ ਦੇ ਬੁਲਾਰੇ ਨੇ

ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸੇਵੀਅਰ ਰਿਕਵਰੀ ਏਜੰਸੀ ਲੁਧਿਆਣਾ ਦੀ ਕੰਪਨੀ ਵਿਚ ਕੰਮ ਕਰਦੇ ਰਵਨੀਤ ਸਿੰਘ ਰਿਕਵਰੀ ਏਜੰਟ ਨੂੰ 10,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬ ਕੀਤਾ ਹੈ । ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਕਬੀਰ ਨਗਰ, ਬਸਤੀ ਜੋਧੇਵਾਲ, ਲੁਧਿਆਣਾ ਦੇ ਇਕ ਨਿਵਾਸੀ ਵੱਲੋਂ ਦਰਜ ਕਰਵਾਈ ਸਿ਼ਕਾਇਤ ਦੇ ਆਧਾਰ `ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਬੁਲਾਰੇ ਨੇ ਦੱਸਿਆ ਕਿ ਸਿ਼ਕਾਇਤਕਰਤਾ 2007 ਤੋਂ ਆਪਣੀ ਰਿਹਾਇਸ਼ ਦੀ ਪਹਿਲੀ ਮੰਜਿ਼ਲ `ਤੇ `ਜੀ ਐੱਨ ਡਬਲਿਉ` ਨਾਮ ਹੇਠ ਇਕ ਕੱਪੜਾ ਫੈਕਟਰੀ ਚਲਾ ਰਿਹਾ ਹੈ ।

ਰਿਸ਼ਵਤ ਲੈਣ ਵਾਲੇ ਨੇ ਖੁਦ ਕੀਤਾ ਸੀ ਸਿ਼ਕਾਇਤਕਰਤਾ ਨਾਲ ਸੰਪਰਕ

ਸਿ਼ਕਾਇਤਕਰਤਾ (Complainant) ਨੇ ਆਈ. ਡੀ. ਬੀ. ਆਈ. ਬੈਂਕ ਤੋਂ ਫੈਕਟਰੀ ਲਈ 40 ਲੱਖ ਰੁਪਏ ਦੀ ਨਕਦ ਕ੍ਰੈਡਿਟ ਸੀਮਾ/ਕਰਜ਼ਾ ਪ੍ਰਾਪਤ ਕੀਤਾ ਸੀ। ਅਦਾਇਗੀ ਨਾ ਹੋਣ ਕਾਰਨ ਕਰਜ਼ੇ ਦਾ ਮਾਮਲਾ ਇਸ ਸਮੇਂ ਚੰਡੀਗੜ੍ਹ ਦੇ ਕਰਜ਼ਾ ਵਸੂਲੀ ਟ੍ਰਿਬਿਊਨਲ ਕੋਲ ਵਿਚਾਰ ਅਧੀਨ ਹੈ । 25-05-2026 ਨੂੰ ਰਵਨੀਤ ਸਿੰਘ ਨਾਮ ਦੇ ਇਕ ਵਿਅਕਤੀ ਨੇ ਸਿ਼ਕਾਇਤਕਰਤਾ ਨਾਲ ਸੰਪਰਕ ਕੀਤਾ। ਖੁਦ ਨੂੰ ਤਹਿਸੀਲ ਪੂਰਬੀ ਲੁਧਿਆਣਾ ਦਾ ਕਰਮਚਾਰੀ ਦੱਸ ਕੇ ਰਵਨੀਤ ਸਿੰਘ ਨੇ ਸਿ਼ਕਾਇਤਕਰਤਾ ਨੂੰ ਤਹਿਸੀਲ ਪੂਰਬੀ ਅਥਾਰਟੀ ਦੇ ਦਸਤਖਤ ਵਾਲਾ ਇਕ ਨੋਟਿਸ ਦਿੱਤਾ । ਉਸ ਨੇ ਸਿ਼ਕਾਇਤਕਰਤਾ ਨੂੰ ਦੱਸਿਆ ਕਿ ਆਈ. ਡੀ. ਬੀ. ਆਈ. ਬੈਂਕ 28-05-2026 ਨੂੰ ਜਾਇਦਾਦ `ਤੇ ਕਬਜ਼ਾ ਕਰਨ ਵਾਲਾ ਸੀ ।

ਕੀ ਦੱਸਿਆ ਵਿਜੀਲੈਂਸ ਦੇ ਬੁਲਾਰੇ ਨੇ

ਦੋਸ਼ੀ ਰਵਨੀਤ ਸਿੰਘ ਨੇ ਫਿਰ ਕਬਜ਼ਾ ਦੇਣ ਵਿਚ ਦੇਰੀ ਕਰਨ ਲਈ 60,000 ਰੂਪਏ ਦੀ ਰਿਸ਼ਵਤ ਮੰਗੀ ਤੇ ਵਾਅਦਾ ਕੀਤਾ ਕਿ ਉਹ ਕਰਜ਼ੇ ਦਾ ਨਿਪਟਾਰਾ ਕਰਨ ਲਈ ਤਿੰਨ ਮਹੀਨਿਆਂ ਦੀ ਮਿਆਦ ਵਧਾਉਣ ਵਿੱਚ ਮਦਦ ਕਰੇਗਾ । ਬੁਲਾਰੇ ਨੇ ਕਿਹਾ ਕਿ ਰਵਨੀਤ ਸਿੰਘ ਨੇ ਪਹਿਲਾਂ ਹੀ ਨਿਪਟਾਰੇ ਦੀ ਸਹੂਲਤ ਲਈ ਕਥਿਤ ਤੌਰ `ਤੇ ਹੋਰ ਅਧਿਕਾਰੀਆਂ ਦੇ ਨਾਮ `ਤੇ 20,000 ਦੀ ਪਹਿਲੀ ਕਿਸ਼ਤ ਲੈ ਲਈ ਸੀ । ਹੁਣ ਰਵਨੀਤ 10,000 ਦੀ ਦੂਜੀ ਕਿਸ਼ਤ ਦੀ ਮੰਗ ਕਰ ਰਿਹਾ ਸੀ ।

ਜਾਂਚ ਦੌਰਾਨ ਰਵਨੀਤ ਨਹੀਂ ਪਾਇਆ ਗਿਆ ਤਹਿਸੀਲ ਪੂਰਬੀ ਜਿਲਾ ਲਧਿਆਣਾ ਦਾ ਕਰਮਚਾਰੀ

ਗੈਰ-ਕਾਨੂੰਨੀ ਰਿਸ਼ਵਤ ਦੇਣ ਲਈ ਤਿਆਰ ਨਾ ਹੋਣ ਕਰਕੇ ਸਿ਼ਕਾਇਤਕਰਤਾ ਨੇ ਵਿਜੀਲੈਂਸ ਬਿਉਰੋ ਰੇਂਜ ਲੁਧਿਆਣਾ ਨਾਲ ਸੰਪਰਕ ਕੀਤਾ । ਉਸ ਦੀ ਸਿ਼ਕਾਇਤ `ਤੇ ਕਾਰਵਾਈ ਕਰਦੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਰਿਕਵਰੀ ਏਜੰਟ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ । ਜਾਂਚ ਦੌਰਾਨ ਦੋਸ਼ੀ ਰਵਨੀਤ ਸਿੰਘ ਤਹਿਸੀਲ ਪੂਰਬੀ ਜ਼ਿਲਾ ਲੁਧਿਆਣਾ ਦਾ ਕਰਮਚਾਰੀ ਨਹੀਂ ਪਾਇਆ ਗਿਆ, ਬਲਕਿ ਉਹ ਸੇਵੀਅਰ ਰਿਕਵਰੀ ਏਜੰਸੀ ਲੁਧਿਆਣਾ ਵਿਚ ਰਿਕਵਰੀ ਏਜੰਟ ਵਜੋਂ ਕੰਮ ਕਰਦਾ ਪਾਇਆ ਗਿਆ । ਇਸ ਸਬੰਧ ਵਿਚ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਚ ਦੋਸ਼ੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ ।

Advertisement