Patiala Help Club Logo

ਰੰਜਸ਼ ਕਾਰਨ ਨੌਜਵਾਨ ਨੂੰ ਦਾਤਰਾਂ ਨਾਲ ਵੱਢ ਕੇ ਕੀਤਾ ਕਤਲ

ਪਠਾਨਕੋਟ, 4 ਜੁਲਾਈ 2026 : ਪੰਜਾਬ ਦੇ ਪਠਾਨਕੋਟ (Pathankot) ਸ਼ਹਿਰ ਦੇ ਕੱਚੇ ਕੁਆਰਟਰ ਖੇਤਰ ਵਿਖੇ ਪੁਰਾਣੀ ਰੰਜਸ਼ ਦੇ ਚਲਦਿਆਂ ਨੌਜਵਾਨ ਦਾ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ

ਮਿਲੀ ਜਾਣਕਾਰੀ ਅਨੁਸਾਰ ਪਠਾਨਕੋੋਟ ਸ਼ਹਿਰ ਦੇ ਕੱਚੇ ਕੁਆਰਟਰ ਇਲਾਕੇ `ਚ ਪੁਰਾਣੀ ਰੰਜਸ਼ ਕਾਰਨ ਜਿਸ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ (Sharp weapons) ਨਾਲ ਹਮਲਾ ਕਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਵਿਚ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ `ਤੇ ਪੁਲਸ ਨੇ 8 ਨਾਮਜ਼ਦ ਮੁਲਜ਼ਮਾਂ ਅਤੇ 3-4 ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ (Case registered) ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੌਣ ਹੈ ਇਹ ਨੌਜਵਾਨ

ਮ੍ਰਿਤਕ ਦੀ ਪਛਾਣ ਗੁਲਸ਼ਨ ਕੁਮਾਰ (Gulshan Kumar) ਵਜੋਂ ਹੋਈ ਹੈ । ਮ੍ਰਿਤਕ ਦੀ 28 ਸਾਲਾ ਪਤਨੀ ਸਮੀਖਿਆ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਸ ਦਾ ਪਤੀ ਗੁਲਸ਼ਨ ਕੁਮਾਰ ਮੋਟਰਸਾਈਕਲ `ਤੇ ਬਾਜ਼ਾਰ ਜਾਣ ਲਈ ਘਰੋਂ ਨਿਕਲਿਆ ਸੀ ਅਤੇ ਉਹ ਖ਼ੁਦ ਤੇ ਉਸ ਦੀ ਨਣਦ ਪ੍ਰਵੀਨ ਵੀ ਰਾਤ ਦੀ ਸੈਰ ਲਈ ਘਰੋਂ ਬਾਹਰ ਨਿਕਲੀਆਂ ਸਨ । ਰਾਤ ਕਰੀਬ 12.10 ਵਜੇ ਜਦੋਂ ਗੁਲਸ਼ਨ ਕੁਮਾਰ ਮੁਹੱਲੇ ਦੇ ਮੋੜ `ਤੇ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਖੜ੍ਹੀਆਂ 2 ਕਾਰਾਂ `ਚੋਂ ਕਈ ਨੌਜਵਾਨ ਬਾਹਰ ਨਿਕਲੇ ਅਤੇ ਉਸ ਨੂੰ ਜ਼ਬਰਦਸਤੀ ਰੋਕ ਲਿਆ ।

ਨੌਜਵਾਨ ਦੀ ਪਤਨੀ ਨੇ ਕਿਸ ਕਿਸ ਤੇ ਲਗਾਇਆ ਦੋਸ਼

ਪੀੜਤਾ ਨੇ ਦੋਸ਼ ਲਾਇਆ ਕਿ ਰਾਹੁਲ ਉਰਫ਼ ਆਂਡਾ, ਉਸ ਦੇ ਭਰਾ ਕ੍ਰਿਸ਼, ਉਨ੍ਹਾਂ ਦੇ ਜੀਜੇ ਵਿੱਕੀ, ਮੰਨੀ, ਭੂਰੀ, ਅਸ਼ਮੀਤ ਸਿੰਘ ਉਰਫ਼ ਬਿੱਲੀ ਜੱਟ, ਰਾਜਨ ਅਤੇ ਦੀਪੂ ਪਹਿਲਵਾਨ ਸਮੇਤ ਹੋਰ ਨੌਜਵਾਨਾਂ ਨੇ ਉਸ ਦੇ ਪਤੀ `ਤੇ ਦਾਤਰਾਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ । ਹਮਲਾਵਰਾਂ ਨੇ ਉਸ ਦੀਆਂ ਦੋਵੇਂ ਬਾਂਹਾਂ ਅਤੇ ਲੱਤਾਂ `ਤੇ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਕੇ ਸੜਕ `ਤੇ ਡਿੱਗ ਪਿਆ ।

ਹਮਲਾਵਰ ਨੌਜਵਾਨ ਦੇ ਡਿੱਗਣ ਤੋਂ ਬਾਅਦ ਵੀ ਕਰਦੇ ਰਹੇ ਹਮਲਾ

ਦੋਸ਼ ਹੈ ਕਿ ਡਿੱਗਣ ਤੋਂ ਬਾਅਦ ਵੀ ਮੁਲਜ਼ਮ ਉਸ `ਤੇ ਹਮਲਾ ਕਰਦੇ ਰਹੇ, ਜਿਸ ਕਾਰਨ ਉਸ ਦੀਆਂ ਦੋਵੇਂ ਬਾਂਹਾਂ ਬੁਰੀ ਤਰ੍ਹਾਂ ਕੱਟੀਆਂ ਗਈਆਂ ਅਤੇ ਸਰੀਰ `ਤੇ ਕਈ ਗੰਭੀਰ ਸੱਟਾਂ ਲੱਗੀਆਂ । ਔਰਤ ਨੇ ਦੱਸਿਆ ਕਿ ਜਦੋਂ ਉਸ ਨੇ ਅਤੇ ਉਸ ਦੀ ਨਣਦ ਨੇ ਰੌਲਾ ਪਾਇਆ ਤਾਂ ਮੁਲਜ਼ਮ ਧਮਕੀਆਂ ਦਿੰਦੇ ਹੋਏ 2 ਕਾਰਾਂ ਵਿਚ ਫ਼ਰਾਰ ਹੋ ਗਏ । ਇਸ ਦੇ ਨਾਲ ਹੀ ਉਸ ਦੇ ਨਾਲ ਜਾ ਰਿਹਾ ਉਸ ਦਾ ਸਾਥੀ ਦਾਨਾ ਵੀ ਜ਼ਖ਼ਮੀ ਹੋ ਗਿਆ । ਮੁਲਜ਼ਮਾਂ ਨੇ ਨੌਜਵਾਨ ਦੇ ਦੋਵੇਂ ਹੱਥ ਅਤੇ ਦੋਵੇਂ ਪੈਰ ਵੱਢ ਦਿੱਤੇ ਸਨ, ਜਿਸ ਦੀ ਫੁਟੇਜ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ ।

ਗੁਲਸ਼ਨ ਨੇ ਐਂਬੂਲੈਂਸ ਦੇ ਅੰਦਰ ਹੀ ਤੋੜ ਦਿੱਤਾ ਸੀ ਦਮ

ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਗੁਲਸ਼ਨ ਨੂੰ ਪਹਿਲਾਂ ਪਠਾਨਕੋਟ ਦੇ ਅਮਨਦੀਪ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਪਰ ਰਸਤੇ ਵਿਚ ਐਂਬੂਲੈਂਸ ਅੰਦਰ ਹੀ ਉਸ ਨੇ ਦਮ ਤੋੜ ਦਿੱਤਾ । ਇਸ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ, ਪਠਾਨਕੋਟ ਲਿਆਂਦਾ ਗਿਆ । ਇਸ ਮਾਮਲੇ ਵਿਚ ਗੁਲਸ਼ਨ ਦੀ ਇਕ ਵੀਡੀਓ ਸਾਹਮਣੇ ਆਈ ਹੈ । ਵੀਡੀਓ ਵਿਚ ਉਹ ਗੰਭੀਰ ਜ਼ਖ਼ਮੀ ਹਾਲਤ ਵਿਚ ਹੈ, ਜਿਸ ਵਿਚ ਉਸ ਦੀਆਂ ਦੋਵੇਂ ਬਾਂਹਾਂ ਕੱਟੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਅਤੇ ਉਹ ਕਥਿਤ ਤੌਰ `ਤੇ ਹਮਲਾਵਰਾਂ ਦੇ ਨਾਂ ਲੈਂਦਿਆਂ ਪੂਰੀ ਘਟਨਾ ਦਾ ਵੇਰਵਾ ਦੇ ਰਿਹਾ ਹੈ ।

Advertisement