ਚੰਡੀਗੜ੍ਹ, 19 ਫਰਵਰੀ 2026 : ਪੰਜਾਬ ਸਰਕਾਰ ਦੇ ਸਕੂਲ ਸਿਖਿਆ ਵਿਭਾਗ ਨੇ ਬਲਾਕ ਨੌਸ਼ਹਿਰਾ ਪੰਨੂਆ ਦੇ ਬੀ. ਪੀ. ਈ. ਓ. (B. P. E. O.) ਨੂੰ ਗੰਭੀਰ ਦੋਸ਼ਾਂ ਕਾਰਨ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਹੈ ।
ਕੌਣ ਹੈ ਇਹ ਬੀ. ਪੀ. ਈ. ਓ.
ਮਿਲੀ ਜਾਣਕਾਰੀ ਅਨੁਸਾਰ ਜਿ਼ਲਾ ਤਰਨਤਾਰਨ ਦੇ ਬਲਾਕ ਨੌਸ਼ਹਿਰਾ ਪਨੂੰ ਦੇ ਜਿਸ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਨੂੰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲ (Suspension) ਕੀਤਾ ਗਿਆ ਹੈ ਦਾ ਨਾਮ ਅਸ਼ਵਨੀ ਮਰਵਾਹਾ (Ashwini Marwah) ਹੈ । ਉਕਤ ਕਾਰਵਾਈ ਵਿਭਾਗ ਦੇ ਸਕੱਤਰ ਸਿਖਿਆ (Secretary Education) ਸੋਨਾਲੀ ਗਿਰੀ ਨੇ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ-1970 ਦੇ ਨਿਯਮ 4 (1) (ਏ) ਤਹਿਤ ਕੀਤੀ ਹੈ । ਵਿਭਾਗੀ ਆਦੇਸ਼ ਅਨੁਸਾਰ ਬਲਾਕ ਨੌਸ਼ਹਿਰਾ ਪੰਨੂਆ ਦੇ ਲਗਭਗ 40 ਅਧਿਆਪਕਾਂ ਨੇ ਅਸ਼ਵਨੀ ਮਰਵਾਹਾ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿਚ ਗੰਭੀਰ ਦੋਸ਼ ਲਗਾਏ ਗਏ ਸਨ ।
ਕੀ ਦੋਸ਼ ਲਗਾਇਆ ਗਿਆ ਸੀ ਦਿੱਤੀ ਗਈ ਸਿ਼ਕਾਇਤ ਵਿਚ
ਬੀ. ਪੀ. ਈ. ਓ. ਵਿਰੁੱਧ ਦਿੱਤੀ ਗਈ ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਸੀ ਕਿ ਅਧਿਆਪਕਾਂ ਦੇ ਇਨਕਰੀਮੈਂਟ ਅਤੇ ਸਕੂਲ ਦੇ ਕਮਰਿਆਂ ਨੂੰ ਪੇਂਟ ਕਰਨ ਲਈ ਰਿਸ਼ਵਤ (Bribe) ਜਾਂ ਕਮਿਸ਼ਨ ਦੀ ਮੰਗ ਕੀਤੀ ਗਈ ਸੀ । ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਅਧਿਕਾਰੀ ਦੀਆਂ ਗਤੀਵਿਧੀਆਂ ਨੂੰ ਵੀ ਗੰਭੀਰ ਦੁਰਾਚਾਰ ਅਤੇ ਅਨੁਸ਼ਾਸਨਹੀਣਤਾ ਮੰਨਿਆ ਗਿਆ ਸੀ । ਸਰਕਾਰ ਨੇ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਤੁਰਤ ਪ੍ਰਭਾਵ ਨਾਲ ਮੁਅੱਤਲੀ ਦਾ ਹੁਕਮ ਜਾਰੀ ਕੀਤਾ ਹੈ ।










