ਮਾਮਲਾ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਘਪਲੇ ਦਾ

ਸ੍ਰੀਨਗਰ, 7 ਮਾਰਚ 2026 : ਭਾਰਤ ਦੇਸ਼ ਦੇ ਸ੍ਰੀਨਗਰ ਦੀ ਅਦਾਲਤ (Srinagar Court) ਵਲੋਂ ਇਕ ਘਪਲੇ ਦੇ ਮਾਮਲੇ ਵਿਚ ਕਈ ਵਿਅਕਤੀਆਂ ਵਿਰੁੱਧ ਦੋਸ਼ ਤੈਅ (Charges framed) ਕਰਨ ਦਾ ਹੁਕਮ ਦਿੱਤੇ ਜਾਣ ਦਾ ਪਤਾ ਚੱਲਿਆ ਹੈ ।

ਕਿਸ ਤੇ ਦਿੱਤੇ ਗਏ ਹਨ ਦੋਸ਼ ਤੈਅ ਕਰਨ ਦੇ ਹੁਕਮ

ਮਿਲੀ ਜਾਣਕਾਰੀ ਅਨੁਸਾਰ ਸ਼੍ਰੀਨਗਰ ਦੀ ਇਕ ਸਥਾਨਕ ਅਦਾਲਤ ਨੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (Jammu and Kashmir Cricket Association) (ਜੇ. ਕੇ. ਸੀ. ਏ.) ਨਾਲ ਜੁੜੇ ਕਥਿਤ ਘਪਲੇ ਦੇ ਮਾਮਲੇ `ਚ ਨੈਸ਼ਨਲ ਕਾਨਫਰੰਸ (ਨੈਕਾਂ) ਦੇ ਪ੍ਰਧਾਨ ਫ਼ਾਰੂਕ ਅਬਦੁੱਲਾ (Farooq Abdullah) ਅਤੇ ਹੋਰ ਮੁਲਜ਼ਮਾਂ ਖਿ਼ਲਾਫ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ ਗਿਆ ਹੈ । ਸ੍ਰੀਨਗਰ ਦੀ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਤਬੱਸੁਮ ਨੇ ਇਸ ਹਫ਼ਤੇ ਦੀ ਸ਼ੁਰੂਆਤ `ਚ ਪਾਸ ਕੀਤੇ 5 ਸਫਿ਼ਆਂ ਦੇ ਹੁਕਮ `ਚ ਨਿਰਦੇਸ਼ ਦਿੱਤਾ ਕਿ ਦੋਸ਼ ਤੈਅ ਕਰਨ ਲਈ ਮਾਮਲੇ ਨੂੰ 12 ਮਾਰਚ ਨੂੰ ਸੂਚੀਬੱਧ ਕੀਤਾ ਜਾਵੇ । ਦੋਸ਼ ਤੈਅ ਹੋਣ ਤੋਂ ਬਾਅਦ ਗਵਾਹਾਂ, ਭਾਵ ਮੁਲਜ਼ਮ ਨੰਬਰ 3 ਅਤੇ 6 ਦੇ ਬਿਆਨ ਸਬੂਤ ਵਜੋਂ ਦਰਜ ਕੀਤੇ ਜਾਣਗੇ । ਜੇਕਰ ਉਹ ਆਪਣੇ ਰੁਖ਼ ਤੋਂ ਮੁੱਕਰਦੇ ਹਨ ਤਾਂ ਉਚਿਤ ਹੁਕਮ ਜਾਰੀ ਕੀਤੇ ਜਾਣਗੇ ।

ਈ. ਡੀ. ਨੂੰ ਮਾਮਲੇ ਵਿਚ ਧਿਰ ਬਣਾਉਣ ਦੀ ਅਪੀਲ ਅਦਾਲਤ ਨੇ ਕੀਤੀ ਖਾਰਜ

ਬਹਰਹਾਲ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਵੱਲੋਂ ਮਾਮਲੇ `ਚ ਧਿਰ ਬਣਾਏ ਜਾਣ ਦੀ ਅਪੀਲ ਵਾਲੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ । ਅਦਾਲਤ ਨੇ ਕਿਹਾ ਕਿ ਮਾਮਲੇ ਦੇ ਤੱਥਾਂ ਅਤੇ ਹਾਲਾਤ, ਕਾਨੂੰਨ ਦੇ ਉਪਬੰਧਾਂ ਅਤੇ ਨਿਆਂਇਕ ਮਿਸਾਲਾਂ ਨੂੰ ਧਿਆਨ `ਚ ਰੱਖਦੇ ਹੋਏ ਈ. ਡੀ. ਨੂੰ ਅਜਿਹੇ ਮਾਮਲੇ `ਚ ਧਿਰ ਨਹੀਂ ਬਣਾਇਆ ਜਾ ਸਕਦਾ ਜਿਸ ਦੀ ਜਾਂਚ, ਮਾਮਲਾ ਦਰਜ ਕਰਨਾ ਅਤੇ ਇਸਤਗਾਸਾ ਸੀ. ਬੀ. ਆਈ. ਵੱਲੋਂ ਕੀਤਾ ਗਿਆ ਹੋਵੇ ਅਤੇ ਜਿੱਥੇ ਸੀ. ਬੀ. ਆਈ. ਵੱਲੋਂ ਦਾਇਰ ਚਾਰਜਸ਼ੀਟ `ਚ ਕੋਈ ਅਨੁਸੂਚਿਤ ਅਪਰਾਧ ਦਾ ਖੁਲਾਸਾ ਨਾ ਕੀਤਾ ਗਿਆ ਹੋਵੇ ।