ਚੰਡੀਗੜ੍ਹ, 8 ਜੂਨ 2026 : ਪੰਜਾਬ ਦੇ ਸ਼ਹਿਰਾਂ ਨੂੰ ਸਾਫ ਰੱਖਣ ਦੇ ਉਦੇਸ ਤਹਿਤ ਪੰਜਾਬ ਸਰਕਾਰ (Punjab Government) ਵਲੋਂ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੇ ਜਾਣ ਦਾ ਸਮਾਚਾਰ ਹੈ ।
ਕੀ ਹੈ ਮਿਸ਼ਨ ਕਲੀਨ ਪੰਜਾਬ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਜੋ ਪੰਜਾਬ ਦੇ ਸ਼ਹਿਰਾਂ ਨੂੰ ਸਾਫ ਰੱਖਣ ਦੇ ਉਦੇਸ਼ ਤਹਿਤ ਮਿਸ਼ਨ ਕਲੀਨ ਪੰਜਾਬ (Mission Clean Punjab) ਸ਼ੁਰੂ ਕੀਤਾ ਹੈ ਦੇ ਚਲਦਿਆਂ ਮੰਤਰੀ ਅਤੇ ਸੀਨੀਅਰ ਅਧਿਕਾਰੀ ਹਰ ਰੋਜ਼ ਸਵੇਰੇ ਇੱਕ ਘੰਟਾ ਗਲੀਆਂ ਦੀ ਸਫਾਈ ਵਿੱਚ ਬਿਤਾਉਣਗੇ ।
ਕੀ ਜਾਣਕਾਰੀ ਦਿੱਤੀ ਲੋਕਲ ਬਾਡੀ ਮੰਤਰੀ ਬੈਂਸ ਨੇ
ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ (Local Government Minister) ਹਰਜੋਤ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਕਸਦ ਲਈ ਹੈੱਡਕੁਆਰਟਰ ਵਿਖੇ ਇੱਕ ਵਾਰ ਰੂਮ ਸਥਾਪਤ ਕੀਤਾ ਗਿਆ ਹੈ । ਸ਼ਹਿਰਾਂ ਵਿੱਚ ਸਾਰੇ ਕਮਿਸ਼ਨਰਾਂ, ਸੰਯੁਕਤ ਕਮਿਸ਼ਨਰਾਂ, ਏ. ਡੀ. ਸੀ. ਅਤੇ ਈਓ ਨੂੰ ਫੀਲਡ ਵਿੱਚ ਹੋਣਾ ਲਾਜ਼ਮੀ ਹੋਵੇਗਾ । ਇਸ ਤੋਂ ਬਾਅਦ ਹਰੇਕ ਸ਼ਹਿਰ ਦੀ ਸਫਾਈ ਨਿਰਧਾਰਤ ਕਰਨ ਲਈ ਹਰ ਹਫ਼ਤੇ ਇੱਕ ਦਰਜਾਬੰਦੀ ਕੀਤੀ ਜਾਵੇਗੀ । ਮੰਤਰੀ ਬੈਂਸ ਨੇ ਸੋਮਵਾਰ ਸਵੇਰੇ ਵੀਡੀਓ ਕਾਨਫਰੰਸਿੰਗ ਰਾਹੀਂ ਨਗਰ ਕੌਂਸਲਾਂ ਦੇ ਸਾਰੇ ਨਗਰ ਕਮਿਸ਼ਨਰਾਂ ਅਤੇ ਕਾਰਜਕਾਰੀ ਅਧਿਕਾਰੀਆਂ (ਈ. ਓ.) ਦੀ ਹਾਜ਼ਰੀ ਦੀ ਵੀ ਜਾਂਚ ਕੀਤੀ ।
ਮੰਤਰੀ ਵੀ. ਸੀ. ਰਾਹੀਂ ਕਰਨਗੇ ਰੋਜ਼ਾਨਾ ਹਾਜ਼ਰੀ ਦੀ ਜਾਂਚ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਅਧਿਕਾਰੀਆਂ ਦੀ ਫੀਲਡ ਹਾਜ਼ਰੀ ਦੀ ਜਾਂਚ ਕਰਨਗੇ । ਇੰਨਾ ਹੀ ਨਹੀਂ ਉਹ ਖੁਦ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਫੀਲਡ ਵਿੱਚ ਜਾ ਕੇ ਅਧਿਕਾਰੀਆਂ ਦੀ ਸਥਿਤੀ ਦੀ ਜਾਂਚ ਕਰਨਗੇ । ਇਸ ਅਭਿਆਸ ਦਾ ਉਦੇਸ਼ ਸ਼ਹਿਰਾਂ ਨੂੰ ਸਾਫ਼ ਰੱਖਣਾ ਹੈ ।








