ਪਾਟਨ, 11 ਜੂਨ 2026 : ਭਾਰਤ ਦੇਸ ਦੇ ਸੂਬੇ ਗੁਜਰਾਤ (Gujarat) ਦੇ ਜਿਲਾ ਪਾਟਨ ਵਿਖੇ ਪੁਲਸ ਵਲੋਂ ਕਰੋੜਾਂ ਰੁਪਏ ਦੇ ਸਾਈਬਰ ਧੋਖਾਧੜੀ ਨੈਟਵਰਕ (Cyber fraud network) ਮਾਮਲੇ ਵਿਚ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ।
13 ਮਿਊਲ ਖਾਤਿਆਂ ਰਾਹੀਂ ਹੋਇਆ 398 ਕਰੋੜ ਦਾ ਗੈਰ-ਕਾਨੂੰਨੀ ਲੈਣ ਦੇਣ
ਗੁਜਰਾਤ ਦੇ ਪਾਟਨ ਜਿ਼ਲੇ ਤੋਂ ਪੁਲਸ ਨੇ `ਆਪ੍ਰੇਸ਼ਨ ਮਿਊਲ ਹੰਟ 2.0` ਹੇਠ 14 ਲੋਕਾਂ ਨੂੰ ਗ੍ਰਿਫ਼ਤਾਰ ਕਰਦਿਆਂ ਸਾਈਬਰ ਧੋਖਾਦੇਹੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ `ਚ 228 ਅੰਤਰਰਾਜੀ ਸਾਈਬਰ ਧੋਖਾਦੇਹੀ ਸਿਕਾਇਤਾਂ ਨਾਲ ਜੁੜੇ 13 ਮਿਊਲ ਖਾਤਿਆਂ ਜ਼ਰੀਏ 398 ਕਰੋੜ ਰੁਪਏ ਦਾ ਗੈਰ-ਕਾਨੂੰਨੀ ਲੈਣ-ਦੇਣ ਸ਼ਾਮਲ ਹੈ ।
ਕੀ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ
ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ `ਮਿਊਲ` ਬੈਂਕ ਖਾਤੇ ਅਜਿਹੇ ਖਾਤੇ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਅਪਰਾਧੀ ਖਾਤਾਧਾਰਕਾਂ ਦੀ ਜਾਣਕਾਰੀ ਤੋਂ ਬਿਨਾਂ ਜਾਂ ਕਦੇ-ਕਦੇ ਉਨ੍ਹਾਂ ਦੀ ਮਿਲੀਭੁਗਤ ਨਾਲ ਵੀ ਗੈਰ-ਕਾਨੂੰਨੀ ਧਨ ਦੇ ਲੈਣ-ਦੇਣ ਜਾਂ ਮਨੀ ਲਾਂਡਰਿੰਗ (Money laundering) ਲਈ ਕਰਦੇ ਹਨ । ਪਾਟਨ ਪੁਲਸ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਕਾਰਵਾਈ ਸੂਬਾ ਸਰਕਾਰ ਵੱਲੋਂ ਆਨ-ਲਾਈਨ ਧੋਖਾਦੇਹੀ `ਤੇ ਨੱਥ ਪਾਉਣ ਅਤੇ ਸਾਈਬਰ ਅਪਰਾਧੀਆਂ ਦੇ ਵਿੱਤੀ ਨੈੱਟਵਰਕ ਨੂੰ ਤਬਾਹ ਕਰਨ ਦੀ ਮੁਹਿੰਮ ਹੇਠ ਕੀਤੀ ਗਈ ਹੈ ।








