Patiala Help Club Logo

ਪੰਜਾਬ ਵਿਜੀਲੈਂਸ ਨੇ ਸਬ-ਡਵੀਜ਼ਨਲ ਇੰਜੀਨੀਅਰ ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ, 7 ਅਕਤੂਬਰ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਕਪੂਰਥਲਾ ਵਿਖੇ ਤਾਇਨਾਤ ਸਬ-ਡਵੀਜਨਲ ਇੰਜੀਨੀਅਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹੈ ਇਹ ਸਬ-ਡਵੀਜਨਲ ਇੰਜੀਨੀਅਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ (Vigilance) ਬਿਊਰੋ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਪੂਰਥਲਾ ਦਫ਼ਤਰ ਵਿਖੇ ਤਾਇਨਾਤ ਜਿਸ ਸਬ-ਡਵੀਜਨਲ ਇੰਜੀਨੀਅਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਅਗਮਜੋਤ ਸਿੰਘ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ

ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਿਸ ਸਬ-ਡਵੀਜਨਲ ਇੰਜੀਨੀਅਰ ਨੂੰ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਵਲੋਂ 1 ਲੱਖ 25 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਦੌਰਾਨ ਪਹਿਲੀ ਕਿਸ਼ਤ ਦੇ ਤੌਰ ‘ਤੇ 30 ਹਜ਼ਾਰ ਰੁਪਏ ਪ੍ਰਾਪਤ ਕੀਤੇ ਜਾ ਰਹੇ ਸਨ ।

ਕਿਸ ਦੀ ਸਿ਼ਕਾਇਤ ‘ਤੇ ਕੀਤੀ ਗਈ ਹੈ ਕਾਰਵਾਈ

ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਅਧਿਕਾਰੀ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸਬ-ਡਿਵੀਜ਼ਨ ਨੰਬਰ 2, ਕਪੂਰਥਲਾ ਵਿਖੇ ਤਾਇਨਾਤ ਇੱਕ ਸਬ-ਡਿਵੀਜ਼ਨਲ ਕਲਰਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕਿਸ ਕਾਰਨ ਮੰਗੀ ਜਾ ਰਹੀ ਸੀ ਰਿਸ਼ਵਤ

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਾ ਤਬਾਦਲਾ ਮੁਲਜ਼ਮ ਐਸ.ਡੀ.ਈ. ਅਗਮਜੋਤ ਸਿੰਘ ਵੱਲੋਂ 5 ਅਕਤੂਬਰ 2026 ਨੂੰ ਪਿੰਡ ਚੱਕੋਕੀ, ਜ਼ਿਲ੍ਹਾ ਕਪੂਰਥਲਾ ਦੀ ਜਲ ਸਪਲਾਈ ਸਕੀਮ ਵਿਖੇ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸ਼ਿਕਾਇਤਕਰਤਾ ਦਾ ਘਰ ਤਾਇਨਾਤੀ ਵਾਲੀ ਥਾਂ ਤੋਂ ਕਾਫ਼ੀ ਦੂਰ ਸੀ, ਇਸ ਲਈ ਉਸ ਨੇ ਮੁਲਜ਼ਮ ਅਗਮਜੋਤ ਸਿੰਘ ਨੂੰ ਆਪਣਾ ਤਬਾਦਲਾ ਰੱਦ ਕਰਨ ਜਾਂ ਰੋਕਣ ਲਈ ਜ਼ੁਬਾਨੀ ਬੇਨਤੀ ਕੀਤੀ ।

ਸਿ਼ਕਾਇਤਕਰਤਾ ਨੇ ਕਰ ਲਈ ਸੀ ਰਿਸ਼ਵਤ ਦੀ ਮੰਗ ਦੀ ਰਿਕਾਰਡਿੰਗ

ਇਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਸਾਥੀ ਕਰਮਚਾਰੀ ਅਤੇ ਫਿਟਰ ਹੈਲਪਰ ਅਮਰਿੰਦਰ ਸਿੰਘ ਨੇ ਉਸ ਨੂੰ ਦੱਸਿਆ ਕਿ ਅਗਮਜੋਤ ਸਿੰਘ ਨੇ ਤਬਾਦਲਾ ਰੋਕਣ ਲਈ ਰਿਸ਼ਵਤ ਦੀ ਮੰਗ ਕੀਤੀ ਹੈ । ਬਾਅਦ ਵਿੱਚ, ਅਮਰਿੰਦਰ ਸਿੰਘ ਨੇ ਅਗਮਜੋਤ ਸਿੰਘ ਨਾਲ ਫੋਨ ’ਤੇ ਸੰਪਰਕ ਕੀਤਾ, ਜਿਸ ਨੇ 1,25,000 ਰੁਪਏ ਦੀ ਮੰਗ ਕੀਤੀ, ਜੋ ਕਿ ਕਿਸ਼ਤਾਂ ਵਿੱਚ ਦਿੱਤੇ ਜਾਣੇ ਸਨ । ਬੁਲਾਰੇ ਨੇ ਦੱਸਿਆ ਕਿ ਨਾਜਾਇਜ਼ ਰਕਮ ਦੀ ਮੰਗ ਬਾਰੇ ਗੱਲਬਾਤ ਅਮਰਿੰਦਰ ਸਿੰਘ ਨੇ ਆਪਣੇ ਮੋਬਾਈਲ ਫੋਨ ’ਤੇ ਰਿਕਾਰਡ ਕਰ ਲਈ ਸੀ । ਪੁਲਸ ਨੇ ਸਬੰਧਤ ਅਧਿਕਾਰੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Advertisement