ਚੰਡੀਗੜ੍ਹ, 31 ਅਕਤੂਬਰ 2026 : ਭਾਰਤ-ਯੂ. ਕੇ. ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ ਲਈ ਕੈਬਨਿਟ ਮੰਤਰੀ ਪੰਜਾਬ (Cabinet Minister of Punjab) ਵਲੋਂ ਬ੍ਰਿਟਿਸ਼ ਵਫ਼ਦ ਨਾਲ ਰਣਨੀਤਕ ਗੱਲਬਾਤ ਕੀਤੀ ਗਈ ਹੈ ।
ਕੀ ਰਣਨੀਤਕ ਗੱਲਬਾਤ ਕੀਤੀ ਗਈ ਅਮਨ ਅਰੋੜਾ ਵਲੋਂ
ਭਾਰਤ-ਯੂ. ਕੇ. ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ (ਸੀ. ਈ. ਟੀ. ਏ.) ਤਹਿਤ ਜ਼ੀਰੋ-ਡਿਊਟੀ ਦਾ ਲਾਭ ਉਠਾਉਣ ਲਈ ਯੂ. ਕੇ. ਦੇ ਕਾਰੋਬਾਰਾਂ ਵਾਸਤੇ ਪੰਜਾਬ ਨੂੰ ਇੱਕ ਪ੍ਰਮੁੱਖ ਨਿਰਮਾਣ ਅਧਾਰ ਵਜੋਂ ਪੇਸ਼ ਕਰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ (Aman Arora) ਨੇ ਇਨਵੈਸਟ ਪੰਜਾਬ ਵਿਖੇ ਚੰਡੀਗੜ੍ਹ ਸਥਿਤ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੇਰੀਗਲੋ ਦੀ ਅਗਵਾਈ ਵਾਲੇ ਇੱਕ ਉੱਚ ਪੱਧਰੀ ਬ੍ਰਿਟਿਸ਼ ਵਫ਼ਦ ਨਾਲ ਰਣਨੀਤਕ ਗੱਲਬਾਤ ਕਰਨ ਦੌਰਾਨ ਸੂਬੇ ਦੀ ਨਵੀਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2026 ਅਤੇ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਸਮਰਪਿਤ ਐਫ.ਟੀ.ਏ. ਅਤੇ ਐਕਪੋਰਟ ਫੈਸਿਲੀਟੇਸ਼ਨ ਸੈੱਲ ਬਾਰੇ ਜਾਣਕਾਰੀ ਦਿੱਤੀ ਗਈ ।
ਮੀਟਿੰਗ ਦੌਰਾਨ ਅਰੋੜਾ ਨੇ ਵਫ਼ਦ ਨੂੰ ਸੂਬੇ ਦੀਆਂ ਤਿਆਰੀਆਂ ਸਬੰਧੀ ਕੀਤਾ ਉਜਾਗਰ
ਵਫ਼ਦ ਵਿੱਚ ਐਲਬਾ ਸਮੇਰੀਗਲੋ ਤੋਂ ਇਲਾਵਾ ਬ੍ਰਿਟਿਸ਼ ਹਾਈ ਕਮਿਸ਼ਨ (British High Commission) ਦੇ ਵਪਾਰ ਬਾਰੇ ਫਸਟ ਸੈਕਟਰੀ ਡਾ. ਨਿਕੋਲਸ ਗ੍ਰੀਬਿਟ ਅਤੇ ਸੀਨੀਅਰ ਵਪਾਰ ਸਲਾਹਕਾਰ ਅਨੂਪ ਨਰਾਇਣ ਸ਼ਾਮਲ ਸਨ । ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਮਨ ਅਰੋੜਾ ਨੇ ਪੰਜਾਬ ਦੇ ਉਦਯੋਗ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ਅਤੇ ਯੂ. ਕੇ. ਦੀ ਸਪਲਾਈ ਚੇਨ ਨਾਲ ਜੁੜਨ ਸਬੰਧੀ ਸੂਬੇ ਦੀਆਂ ਤਿਆਰੀਆਂ ਨੂੰ ਉਜਾਗਰ ਕੀਤਾ । ਇਸ ਦੌਰਾਨ ਐਗਰੀ-ਬਿਜ਼ਨਸ, ਫੂਡ ਪ੍ਰੋਸੈਸਿੰਗ, ਇੰਜੀਨੀਅਰਿੰਗ, ਆਟੋ ਕੰਪੋਨੈਂਟ ਅਤੇ ਉਦਯੋਗ-ਅਧਾਰਿਤ ਹੁਨਰ ਵਿਕਾਸ ਵਰਗੇ ਤੇਜ਼ੀ ਨਾਲ ਵਿਕਸਤ ਹੋ ਰਹੇ ਖੇਤਰਾਂ ’ਤੇ ਵਿਸ਼ੇਸ਼ ਚਰਚਾ ਕੀਤੀ ਗਈ ।
ਪੰਜਾਬ ਵਧ ਰਿਹੈ ਆਧੁਨਿਕ ਉਦਯੋਗ ਅਤੇ ਇਨੋਵੇਸ਼ਨ ਕੇਂਦਰ ਵਜੋਂ
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਉੱਤਰੀ ਭਾਰਤ ਦੇ ਪ੍ਰਵੇਸ਼ ਦੁਆਰ ਵਜੋਂ ਪੰਜਾਬ ਦੀ ਰਣਨੀਤਕ ਸਥਿਤੀ ਇਸ ਨੂੰ ਯੂ.ਕੇ. ਦੇ ਕਾਰੋਬਾਰਾਂ ਲਈ ਇੱਕ ਆਦਰਸ਼ ਸਥਾਨ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰਫ਼ ਭਾਰਤ ਦਾ ਅੰਨਦਾਤਾ ਹੀ ਨਹੀਂ ਹੈ, ਸਗੋਂ ਇਹ ਆਧੁਨਿਕ ਉਦਯੋਗ ਅਤੇ ਇਨੋਵੇਸ਼ਨ ਕੇਂਦਰ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ । ਯੂ. ਕੇ. ਦੇ ਵਫ਼ਦ ਨਾਲ ਸਾਡੀ ਗੱਲਬਾਤ ਭਾਰਤ-ਯੂ.ਕੇ. ਸੀ.ਈ.ਟੀ.ਏ. ਤਹਿਤ ਵਿਆਪਕ ਮੌਕਿਆਂ ਦਾ ਲਾਭ ਉਠਾਉਣ ’ਤੇ ਕੇਂਦ੍ਰਿਤ ਸੀ । ਐਗਰੀ-ਬਿਜਨਸ ਅਤੇ ਇੰਜੀਨੀਅਰਿੰਗ ਵਿੱਚ ਪੰਜਾਬ ਦੀਆਂ ਸਮਰੱਥਾਵਾਂ ਯੂ.ਕੇ. ਦੀ ਮੁਹਾਰਤ ਲਈ ਕੁਦਰਤੀ ਮੇਲ ਖਾਂਦੀਆਂ ਹਨ ।








