Patiala Help Club Logo

ਝੋਨੇ ਵਿੱਚ ਟਿੱਡੇ ਦੇ ਹਮਲੇ ਤੋਂ ਸੁਚੇਤ ਕਰਨ ਬਾਰੇ ਜਾਗਰੂਕਤਾ ਕੈਂਪ ਆਯੋਜਿਤ

ਸੁਨਾਮ, 6 ਜੁਲਾਈ 2026 : ਪੀ. ਏ. ਯੂ. ਕ੍ਰਿਸ਼ੀ ਵਿਗਿਆਨ ਕੇਂਦਰ (P. A. U. Krishi Vigyan Kendra) ਸੰਗਰੂਰ ਵਲੋਂ ਝੋਨੇ ਦੀ ਚਿੱਟੀ ਪਿੱਠ ਵਾਲੇ ਟਿੱਡੇ ਦੇ ਹਮਲੇ ਤੋਂ ਸੁਚੇਤ ਕਰਨ ਲਈ ਜਾਗਰੂਕਤਾ ਕੈਂਪ (Awareness camp) ਆਯੋਜਿਤ ਕੀਤਾ ਗਿਆ ।

ਕੈਂਪ ਦੌਰਾਨ ਸਹਾਇਕ ਪ੍ਰੋਫੈਸਰ ਵਲੋਂ ਕੀ ਦੱਸਿਆ ਗਿਆ

ਇਸ ਕੈਂਪ ਦੌਰਾਨ ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪਲਾਂਟ ਪ੍ਰੋਟੈਕਸ਼ਨ), ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਦੱਸਿਆ ਕਿ ਪਿਛਲੇ ਕੁਝ ਕੁ ਸਾਲਾਂ ਤੋਂ ਝੋਨੇ ਵਿੱਚ ਬੂਟਿਆਂ ਦੇ ਮਧਰੇਪਣ ਦੀ ਸਮੱਸਿਆ ਆ ਰਹੀ ਹੈ, ਜੋ ਕਿ ਇੱਕ ਵਿਸ਼ਾਣੂ ਰੋਗ ਹੈ । ਇਸ ਰੋਗ ਨੂੰ ਚਿੱਟੀ ਪਿੱਠ ਵਾਲਾ ਟਿੱਡਾ ਫੈਲਾਉਂਦਾ ਹੈ। ਆਮ ਤੌਰ ‘ਤੇ ਇਸ ਟਿੱਡੇ ਦੀ ਆਮਦ ਝੋਨੇ ਦੀ ਪਨੀਰੀ (Rice seedlings) ਵਿੱਚ ਅਤੇ ਪਨੀਰੀ ਨੂੰ ਪੁੱਟ ਕੇ ਖੇਤ ਵਿਚ ਲਾਉਣ ਤੋਂ ਤਕਰੀਬਨ ਮਹੀਨਾ ਕੁ ਪਿੱਛੋਂ ਸ਼ੁਰੂ ਹੁੰਦੀ ਹੈ । ਉਹਨਾਂ ਦੱਸਿਆ ਕਿ ਝੋਨੇ ਵਿੱਚ ਮਧਰੇਪਣ ਦੀ ਸਮੱਸਿਆ ਦੀ ਸ਼ੁਰੂਆਤੀ ਲਾਗ ਨੂੰ ਅਤੇ ਬਾਅਦ ਵਿੱਚ ਫੈਲਾਅ ਨੂੰ ਰੋਕਣ ਲਈ ਚਿੱਟੀ ਪਿੱਠ ਵਾਲੇ ਟਿੱਡੇ ਦੀ ਸਹੀ ਪਹਿਚਾਣ ਅਤੇ ਰੋਕਥਾਮ ਅਤਿ ਜ਼ਰੂਰੀ ਹੈ ।

ਮਾਹਿਰਾਂ ਨੇ ਦਸਿਆ ਕਿ ਕੀੜੇ ਦੇ ਨਵੇੇਂ ਨਿਕਲੇ ਬੱਚੇ ਕਿਹੋ ਜਿਹੇ ਰੰਗ ਦੇ ਹੁੰਦੇ ਹਨ

ਉਹਨਾਂ ਦੱਸਿਆ ਕਿ ਇਸ ਕੀੜੇ ਦੇ ਨਵੇਂ ਨਿਕਲੇ ਬੱਚੇ (ਨਿੰਫ) ਸਲੇਟੀ ਚਿੱਟੇ ਰੰਗ ਦੇ ਹੁੰਦੇ ਹਨ, ਜਿਹੜੇ ਬਾਅਦ ਵਿੱਚ ਗੂੜੇ ਸਲੇਟੀ ਰੰਗ ਦੇ ਹੋ ਜਾਂਦੇ ਹਨ । ਇਸ ਦੇ ਬਾਲਗ ਦੀ ਪਿੱਠ ਤੇ ਬਰੀਕ ਚਿੱਟੀ ਪੱਟੀ ਹੰਦੀ ਹੈ, ਜੋ ਕਿ ਇਨ੍ਹਾਂ ਦੇ ਉੱਪਰਲੇ ਪਾਸੇ ਦਿਖਾਈ ਦਿੰਦੀ ਹੈ ਅਤੇ ਇੱਕ ਕਾਲਾ ਧੱਬਾ ਅਗਲੇ ਖੰਭਾਂ ਦੇ ਪਿਛਲੇ ਪਾਸੇ ਦੇ ਵਿੱਚਕਾਰ ਦਿਖਾਈ ਦਿੰਦਾ ਹੈ । ਉਹਨਾਂ ਦੱਸਿਆ ਕਿ ਪਨੀਰੀ ਅਤੇ ਖੇਤ ਵਿੱਚ ਲਗਾਈ ਫ਼ਸਲ ਵਿੱਚ ਇਸ ਕੀੜੇ ਦੇ ਸਰਵੇਖਣ ਲਈ ਝੋਨੇ ਦੇ ਕੁਝ ਕੁ ਬੂਟਿਆਂ ਨੂੰ ਟੇਢੇ ਕਰਕੇ ਹੇਠਾਂ ਤੋਂ 2-3 ਵਾਰੀ ਝਾੜੋ । ਜੇਕਰ ਇਸ ਦੇ ਨਿੰਫ ਜਾਂ ਬਾਲਗ ਟਿੱਡੇ ਹੇਠਾਂ ਡਿੱਗੇ ਜਾਂ ਪਾਣੀ ਉੱਤੇ ਤਰਦੇ ਨਜ਼ਰ ਆਉਣ ਤਾਂ ਫਸਲ ਉੱਤੇ ਸਿਫਾਰਸ਼ ਕੀਟਨਾਸ਼ਕ ਦੀ ਵਰਤੋਂ ਕਰੋ ।

ਖੇਤ ਨੇੜੇ ਬੱਲਬ ਜਗਾ ਕੇ ਰੱਖਣ ਨਾਲ ਦੇਖੀ ਜਾ ਸਕਦੀ ਹੈ ਟਿੱਡੇ ਦੀ ਆਮਦ

ਟਿੱਡੇ ਦੀ ਆਮਦ ਦੇਖਣ ਲਈ ਰਾਤ ਨੂੰ ਪਨੀਰੀ/ਖੇਤ ਨੇੜੇ ਬਲੱਬ ਜਗਾ ਕੇ ਰੱਖੋ ਕਿਉਂਕਿ ਇਹ ਕੀੜਾ ਰੌਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ । ਉਹਨਾਂ ਦੱਸਿਆ ਕਿ ਟਿੱਡੇ ਦੀ ਆਮਦ ਨਜ਼ਰ ਆਉਣ `ਤੇ ਹੀ ਕਿਸੇ ਇੱਕ ਕੀਟਨਾਸ਼ਕ (Pesticide) ਜਿਵੇਂ ਕਿ 60 ਗ੍ਰਾਮ ਉਲਾਲਾ 50 ਡਬਲਯੂ ਜੀ (ਫਲੋਨੀਕਾਮਿਡ) ਜਾਂ 80 ਗ੍ਰਾਮ ਟੋਕਨ/ਓਸ਼ੀਨ/ਡੋਮੀਨੈਂਟ 20 ਐਸ. ਸੀ. (ਡਾਇਨੋਟੈਫੂਰਾਨ) ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ (ਪਾਈਮੈਟਰੋਜ਼ਿਨ) ਜਾਂ 94 ਮਿਲੀਲਿਟਰ ਪੈਕਸਾਲੋਨ 10 ਐਸ ਸੀ (ਟਰਾਈਫਲੂਮੀਜ਼ੋਪਾਇਰਿਮ) ਜਾਂ 400 ਮਿਲੀਲਿਟਰ ਆਰਕੈਸਟਰਾ 10 ਐਸ ਸੀ (ਬੈਂਜ਼ਪਾਈਰੀਮੋਕਸਾਨ) ਜਾਂ 300 ਮਿਲੀਲਿਟਰ ਇਮੈਜ਼ਿਨ/ਵਿਓਲਾ 10 ਐਸ. ਸੀ. (ਫਲੂਪਾਈਰੀਮਿਨ) ਜਾਂ 800 ਮਿਲੀਲਿਟਰ ਐਕਾਲਕਸ/ਕੁਇਨਗਾਰਡ/ਕੁਇਨਲਮਾਸ 25 ਈ ਸੀ (ਕੁਇਨਲਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।

ਇੰਚਾਰਜ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਨੇ ਕੀ ਆਖਿਆ

ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਹਾ ਕਿ ਝੋਨੇ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਦੇ ਹਮਲੇ ਨੂੰ ਰੋਕਣ ਲਈ ਨਾਈਟਰੋਜਨ ਖਾਦ ਦੀ ਵਰਤੋਂ ਸਿਫ਼ਾਰਿਸ਼ ਮਾਤਰਾ ਤੋਂ ਵੱਧ ਨਾ ਕਰੋ । ਇਸ ਤੋਂ ਇਲਾਵਾ ਪਨੀਰੀ ਨੂੰ ਖੇਤ ਵਿੱਚ ਲਾਉਣ ਦੇ 2 ਹਫ਼ਤਿਆਂ ਪਿੱਛੋਂ ਅਗਲਾ ਪਾਣੀ ਉਸ ਵੇਲੇ ਦਿਓ ਜਦੋਂ ਖੇਤ ਵਿੱਚੋਂ ਪਹਿਲਾ ਪਾਣੀ ਜ਼ਜ਼ਬ ਹੋਏ ਨੂੰ 2 ਦਿਨ ਹੋ ਗਏ ਹੋਣ । ਅਜਿਹਾ ਕਰਨ ਨਾਲ ਨਾ ਕੇਵਲ ਇਨ੍ਹਾਂ ਟਿੱਡਿਆਂ ਦਾ ਹਮਲਾ ਘੱਟ ਹੁੰਦਾ ਹੈ ਸਗੋਂ ਪਾਣੀ ਦੀ ਵੀ ਬੱਚਤ ਹੁੰਦੀ ਹੈ । ਉਹਨਾਂ ਕਿਸਾਨਾਂ (Farmers) ਨੂੰ ਮਿੱਟੀ ਪਰਖ ਅਧਾਰ ਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਵੱਲੋਂ ਜ਼ਿੰਕ, ਲੋਹਾ ਅਤੇ ਪੋਟਾਸ਼ ਪਾਉਣ ਬਾਰੇ ਪੁੱਛੇ ਸੁਆਲਾਂ ਦੇ ਜਵਾਬ ਦਿੱਤੇ ।

Advertisement