ਚੰਡੀਗੜ੍ਹ, 25 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ (Government of Punjab) ਅਨੁਸੂਚਿਤ ਜਾਤੀ ਬਹੁਲਤਾ ਵਾਲੇ ਪਿੰਡਾਂ ਦੇ ਵਿਕਾਸ ਤੇ ਕਰੋੜਾਂ ਰੁਪਏ ਖਰਚ ਕਰੇਗੀ ।
ਕਿੰਨੇ ਪਿੰਡਾਂ ‘ਤੇ ਖਰਚੇ ਜਾਣਗੇ ਕਿੰਨੇ ਕਰੋੜ
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਸੂਬੇ ਦੇ 40 ਫੀਸਦੀ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ 3763 ਪਿੰਡਾਂ ਦੇ ਸਮੁੱਚੇ ਵਿਕਾਸ ਲਈ 750 ਕਰੋੜ ਰੁਪਏ ਤੋਂ ਵੱਧ ਖਰਚ ਕਰਨ ਦਾ ਪ੍ਰੋਗਰਾਮ ਐਲਾਨਿਆ ਹੈ । ਮੁੱਖ ਮੰਤਰੀ ਨੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟਗਿਣਤੀ ਵਿਭਾਗ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਸ ਪਹਿਲ ਕਦਮੀ ਨਾਲ ਪੇਂਡੂ ਖੇਤਰਾਂ `ਚ ਬੁਨਿਆਦੀ ਸਹੂਲਤਾਂ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹ ਮਿਲੇਗਾ ।
ਹਰੇਕ ਪਿੰਡ ਨੂੰ ਸ਼ੁਰੂ ਵਿਚ ਦਿੱਤਾ ਜਾਵੇਗਾ 20 ਲੱਖ ਦਾ ਖੁੱਲ੍ਹਾ ਫੰਡ
ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਪਿੰਡ ਨੂੰ ਸ਼ੁਰੂ ਵਿਚ 20 ਲੱਖ ਰੁਪਏ ਦਾ ਖੁੱਲ੍ਹਾ ਫੰਡ ਦਿੱਤਾ ਜਾਵੇਗਾ। ਲੋੜ ਦਾ ਮੁਲਾਂਕਣ ਕਰਨ ਅਤੇ ਰਕਮ ਦੀ ਸਹੀ ਵਰਤੋਂ ਤੋਂ ਬਾਅਦ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ । ਹਰੇਕ ਪਿੰਡ ਲਈ ਵੱਖਰੀ ਗ੍ਰਾਮ ਵਿਕਾਸ ਯੋਜਨਾ ਤਿਆਰ ਹੋਵੇਗੀ ਅਤੇ ਡਿਪਟੀ ਕਮਿਸ਼ਨਰ ਸਥਾਨਕ ਜ਼ਰੂਰਤਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਪਹਿਲ ਦੇਣਗੇ ।
ਫੰਡਾਂ ਦੀ ਵਰਤੋਂ ਕਿਹੜੇ-ਕਿਹੜੇ ਕੰਮਾਂ ਲਈ ਜਾਵੇਗੀ ਕੀਤੀ
ਉਨ੍ਹਾਂ ਕਿਹਾ ਕਿ ਇਨ੍ਹਾਂ ਫੰਡਾਂ ਦੀ ਵਰਤੋਂ ਆਰ. ਓ. ਸਿਸਟਮ, ਸਕੂਲਾਂ ਵਿਚ ਵਾਧੂ ਕਮਰੇ, ਲਾਇਬ੍ਰੇਰੀਆਂ, ਐਂਬੂਲੈਂਸਾਂ, ਮੁਹੱਲਾ ਕਲੀਨਿਕਾਂ, ਸੋਲਰ ਸਟਰੀਟ ਲਾਈਟਾਂ ਅਤੇ ਹੋਰ ਜ਼ਰੂਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੀ ਜਾਵੇਗੀ । ਸਰਕਾਰ ਆਰਥਿਕ ਮਜ਼ਬੂਤੀ `ਤੇ ਵੀ ਧਿਆਨ ਦੇਵੇਗੀ ਅਤੇ ਰੋਜ਼ਗਾਰ ਜਾਂ ਆਮਦਨ ਦੇ ਸਾਧਨ ਸ਼ੁਰੂ ਕਰਨ ਲਈ ਯੋਗ ਲੋਕਾਂ ਨੂੰ 50 ਹਜ਼ਾਰ ਰੁਪਏ ਤੱਕ ਦੀ ਗ੍ਰਾਂਟ ਸਹਾਇਤਾ ਦਿੱਤੀ ਜਾਵੇਗੀ ।
ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਸੰਤੁਲਿਤ ਵਿਕਾਸ ਉਦੋਂ ਹੀ ਸੰਭਵ ਹੈ, ਜਦੋਂ ਹਰੇਕ ਪਿੰਡ ਅਤੇ ਹਰੇਕ ਵਰਗ ਨੂੰ ਬਰਾਬਰ ਮੌਕੇ ਮਿਲਣ । ਬੈਠਕ `ਚ ਮੁੱਖ ਸਕੱਤਰ ਕੇ. ਏ. ਪੀ. ਸਿਨ੍ਹਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਡਾ. ਰਵੀ ਭਗਤ ਸਮੇਤ ਸੀਨੀਅਰ ਅਧਿਕਾਰੀ ਹਾਜ਼ਰ ਸਨ ।








