ਚੰਡੀਗੜ੍ਹ, 25 ਸਤੰਬਰ 2026 : ਪੰਜਾਬ ਦੇ ਖੇਤੀਬਾੜੀ ਮੰਤਰੀ (Agriculture Minister) ਗੁਰਮੀਤ ਸਿੰਘ ਖੁੱਡੀਆਂ ਨੇ ਆਖਿਆ ਹੈ ਕਿ ਪੰਜਾਬ ਸਰਕਾਰ (Government of Punjab) ਵਲੋਂ ਪੰਜਾਬ ਦੇ ਕਿਸਾਨਾਂ ਨੂੰ 183 ਕਰੋੜ ਦੀ ਸਬਸਿਡੀ ਜਾਰੀ ਕੀਤੀ ਹੈ ।
ਕਿੰਨੀਆਂ ਮਸ਼ੀਨਾਂ ਖਰੀਦੀਆਂ ਗਈਆਂ ਕਿਸਾਨਾਂ ਵਲੋਂ
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudian) ਨੇ ਕਿਹਾ ਕਿ ਚਾਲੁ ਸਾਉਣੀ ਸੀਜ਼ਨ `ਚ ਸੂਬੇ ਦੇ ਕਿਸਾਨਾਂ ਨੇ ਹੁਣ ਤੱਕ 16,227 ਫਸਲ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ (ਸੀ. ਆਰ. ਐੱਮ.) ਮਸ਼ੀਨਾਂ ਖਰੀਦੀਆਂ ਹਨ । ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਉਤਸ਼ਾਹਿਤ ਕਰਨ ਲਈ ਸਰਕਾਰ ਨੇ 10,000 ਤੋਂ ਵਧ ਮਸ਼ੀਨਾਂ ਦੀ ਖਰੀਦ ਤੇ 183 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਹੈ ।
ਕੈਬਨਿਟ ਮੰਤਰੀ ਨੇ ਕੀਤੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ
ਖੁੱਡੀਆਂ ਨੇ ਦੱਸਿਆ ਕਿ ਵਿਅਕਤੀਗਤ ਕਿਸਾਨਾਂ ਨੂੰ ਮਸ਼ੀਨਾਂ ਦੀ ਖਰੀਦ `ਤੇ 50 ਫੀਸਦੀ, ਜਦਕਿ ਕਸਟਮ ਹਾਇਰਿੰਗ ਸੈਂਟਰ, ਐੱਫ. ਪੀ. ਓ., ਸਹਿਕਾਰੀ ਸਭਾਵਾਂ ਅਤੇ ਗ੍ਰਾਮ ਪੰਚਾਇਤਾਂ ਨੂੰ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ । ਉਨ੍ਹਾਂ ਖੇਤੀਬਾੜੀ ਵਿਭਾਗ (Department of Agriculture) ਦੇ ਅਧਿਕਾਰੀਆਂ ਨਾਲ ਆਉਣ ਵਾਲੇ ਹਾੜ੍ਹੀ ਸੀਜ਼ਨ ਦੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ ।
ਕਿੰਨੇ ਮਾਮਲੇ ਸਾਹਮਣੇ ਆਏ ਸਨ 2022 ਵਿਚ ਪਰਾਲੀ ਸਾੜਨ ਦੇ
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਾਲ 2022 `ਚ ਪੰਜਾਬ `ਚ ਪਰਾਲੀ ਸਾੜਨ ਦੇ 49,922 ਮਾਮਲੇ ਸਾਹਮਣੇ ਆਏ ਸਨ, ਜਦਕਿ 2025 `ਚ ਇਹ ਗਿਣਤੀ ਘਟ ਕੇ 5,114 ਰਹਿ ਗਈ । ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ `ਚ ਲੱਗਭਗ 90 ਫੀਸਦੀ ਕਮੀ ਆਈ ਹੈ ।
ਹਾੜ੍ਹੀ ਸੀਜਨ ਲਈ ਕਿੰਨਾ ਯੂਰੀਆ ਤੇ ਕਿਨੀ ਡੀ. ਏ. ਪੀ. ਹੈ ਮੁਹੱਈਆ
ਖੇਤੀਬਾੜੀ ਵਿਭਾਗ ਅਨੁਸਾਰ ਸੂਬੇ `ਚ ਹਾੜ੍ਹੀ ਸੀਜ਼ਨ ਲਈ 3.92 ਲੱਖ ਮੀਟ੍ਰਿਕ ਟਨ ਤੋਂ ਵੱਧ ਯੂਰੀਆ ਅਤੇ 5 ਲੱਖ ਮੀਟ੍ਰਿਕ ਟਨ ਡੀ. ਏ. ਪੀ. ਦਾ ਭੰਡਾਰ ਮੁਹੱਈਆ ਹੈ। ਕਿਸਾਨਾਂ ਨੂੰ ਡੀ. ਏ. ਪੀ. `ਤੇ ਨਿਰਭਰਤਾ ਘਟਾਉਣ ਲਈ ਟੀ. ਐੱਸ. ਪੀ., ਐੱਨ. ਪੀ. ਕੇ. ਅਤੇ ਐੱਸ. ਐੱਸ. ਪੀ. ਵਰਗੀਆਂ ਬਦਲਵੀਆਂ ਖਾਦਾਂ ਦੀ ਸੰਤੁਲਿਤ ਵਰਤੋਂ ਦੀ ਸਲਾਹ ਵੀ ਦਿੱਤੀ ਗਈ ਹੈ ।








