ਚੰਡੀਗੜ੍ਹ, 1 ਸਤੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਸਾਬਕਾ ਕਾਂਗਰਸੀ ਵਿਧਾਇਕ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ ।
ਕੌਣ ਹੈ ਇਹ ਵਿਧਾਇਕ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜਿਸ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਨੂੰ ਅਗਾਊਂ ਜ਼ਮਾਨਤ (Anticipatory bail) ਦੇ ਦਿੱਤੀ ਗਈ ਹੈ ਦੀ ਪਛਾਣ ਕੁਲਬੀਰ ਸਿੰਘ ਜ਼ੀਰਾ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਜਿਸ ਮਾਮਲੇ ਵਿਚ ਕੁਲਬੀਰ ਜ਼ੀਰਾ (Kulbir Zira) ਨੂੰ ਕੋਰਟ ਵਲੋਂ ਅਗਾਊਂ ਜ਼ਮਾਨਤ ਦਿੱਤੀ ਗਈ ਹੈ ਇਹ ਮਾਮਲਾ ਜੀਰਾ ਖਿਲਾਫ ਥਾਣਾ ਜ਼ੀਰਾ ਵਿਖੇ ਦਰਜ ਐਫ. ਆਈ. ਆਰ. ਨਾਲ ਸਬੰਧਤ ਹੈ । ਕੁਲਬੀਰ ਜ਼ੀਰਾ `ਤੇ ਇਸ ਮਾਮਲੇ ਦੇ ਸਹਿ-ਮੁਲਜ਼ਮ ਜਸਵਿੰਦਰ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਵਿੱਚ ਮਦਦ ਕਰਨ ਦੇ ਦੋਸ਼ ਲਾਏ ਗਏ ਸਨ।
ਕੀ ਦਲੀਲ ਦਿੱਤੀ ਬਚਾਅ ਪੱਖ ਦੇ ਵਕੀਲਾਂ ਨੇ
ਮਾਨਯੋਗ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਵੱਲੋਂ ਦਲੀਲ ਦਿੱਤੀ ਗਈ ਕਿ ਮੁਲਜ਼ਮ ਜਸਵਿੰਦਰ ਖਿ਼ਲਾਫ਼ ਸ਼੍ਰੀ ਮੁਕਤਸਰ ਸਾਹਿਬ ਥਾਣੇ ਵਿਚ ਦਰਜ ਮਾਮਲੇ ਵਿਚ ਹਾਈਕੋਰਟ ਦੇ ਇੱਕ ਕੋਆਰਡੀਨੇਟ ਬੈਂਚ ਵੱਲੋਂ ਪਹਿਲਾਂ ਹੀ ਅੰਤਰਿਮ ਅਗਾਊਂ ਜ਼ਮਾਨਤ ਦਿੱਤੀ ਜਾ ਚੁੱਕੀ ਹੈ । ਇਸ ਤੋਂ ਇਲਾਵਾ ਕੁਲਬੀਰ ਜ਼ੀਰਾ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਬਰਾਮਦਗੀ ਨਾ ਹੋਣਾ ਹੈ ਅਤੇ ਉਨ੍ਹਾਂ ਵਿਰੁੱਧ ਕੋਈ ਹੋਰ ਕੇਸ ਵੀ ਲੰਬਿਤ ਨਹੀਂ ਹੈ ।
ਦੋਹਾਂ ਪੱਖਾਂ ਦਲੀਲਾਂ ਸੁਣਨ ਤੋਂ ਬਾਅਦ ਦਿੱਤੀ ਅਦਾਲਤ ਨੇ ਜੀਰਾ ਨੂੰ ਜ਼ਮਾਨਤ
ਪਿਛਲੇ ਦਿਨੀਂ ਕੁਲਬੀਰ ਜ਼ੀਰਾ ਪੁਲਸ ਦਾ ਸਹਿਯੋਗ ਕਰਦਿਆਂ ਜਾਂਚ ਵਿਚ ਵੀ ਸ਼ਾਮਲ ਹੋਏ ਸੀ ਜਦੋਂ ਉਨ੍ਹਾਂ ਨੂੰ ਬੁਲਾਇਆ ਗਿਆ ਸੀ । ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਕੁਲਬੀਰ ਸਿੰਘ ਜ਼ੀਰਾ ਦੀ ਅਗਾਊਂ ਜ਼ਮਾਨਤ ਪੱਕੀ ਕਰ ਦਿੱਤੀ ਹੈ ।








