Patiala Help Club Logo

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੀਤਾ ਹੈ ਜੀਨ ਬੈਂਕ ਸਥਾਪਤ

ਲੁਧਿਆਣਾ,30 ਜੂਨ 2026 : ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) (ਲੁਧਿਆਣਾ) ਵਲੋਂ ਖੇਤੀਬਾੜੀ ਦੇ ਖੇਤਰ ਵਿਚ ਇਕ ਹੋਰ ਪੁਲਾਂਘ ਪੁਟਦਿਆਂ ਜੀਨ ਬੈਂਕ (Gene bank) ਸਥਾਪਤ ਕੀਤਾ ਗਿਆ ਹੈ ।

ਕੀ ਕੀਤਾ ਜਾਵੇਗਾ ਜੀਨ ਬੈਂਕ ਸਥਾਪਤ ਕਰਨ ਨਾਲ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਜਿਸਨੇ ਭਵਿੱਖ ਦੀਆਂ ਖੇਤੀਬਾੜੀ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਜੀਨ ਬੈਂਕ ਸਥਾਪਤ ਕੀਤਾ ਹੈ ਵਿਚ ਵੱਖ-ਵੱਖ ਫ਼ਸਲਾਂ (Various crops) ਦੇ ਬੀਜ ਨਿਯੰਤਰਿਤ ਤਾਪਮਾਨ ਅਤੇ ਨਮੀ ਵਿੱਚ ਸੰਭਾਲੇ ਜਾਂਦੇ ਹਨ ਤਾਂ ਜੋ ਉਨ੍ਹਾਂ ਦੀ ਅੰਕੁਰਣ ਸਮਰੱਥਾ ਅਤੇ ਜੈਨੇਟਿਕ ਵਿਸ਼ੇਸ਼ਤਾਵਾਂ ਸੁਰੱਖਿਅਤ ਰਹਿਣ ।

ਬੀਜ ਨਾ ਸੰਭਾਲੇ ਜਾਣ ਤਾਂ ਮੌਜੂਦਾ ਵਿਲੱਖਣ ਜੈਨੇਟਿਕ ਗੁਣ ਹੋ ਜਾਂਦੇ ਹਨ ਖਤਮ : ਮਾਹਿਰ

ਮਾਹਿਰਾਂ ਅਨੁਸਾਰ ਜੇਕਰ ਬੀਜ ਸਮੇਂ ਸਿਰ ਸੰਭਾਲੇ ਨਾ ਜਾਣ ਤਾਂ ਉਨ੍ਹਾਂ ਵਿੱਚ ਮੌਜੂਦ ਵਿਲੱਖਣ ਜੈਨੇਟਿਕ ਗੁਣ ਸਦਾ ਲਈ ਖਤਮ ਹੋ ਸਕਦੇ ਹਨ । ਹਰ ਕਿਸਮ ਵਿੱਚ ਕੁਝ ਖ਼ਾਸ ਗੁਣ ਹੁੰਦੇ ਹਨ । ਕੋਈ ਕਿਸਮ ਸੋਕੇ ਨੂੰ ਸਹਿ ਸਕਦੀ ਹੈ, ਕੋਈ ਬਿਮਾਰੀਆਂ ਅਤੇ ਕੀੜਿਆਂ ਦਾ ਮੁਕਾਬਲਾ ਕਰਦੀ ਹੈ, ਜਦਕਿ ਕੁਝ ਕਿਸਮਾਂ ਵੱਧ ਤਾਪਮਾਨ ਅਤੇ ਉੱਚ ਉਪਜ ਲਈ ਜਾਣੀਆਂ ਜਾਂਦੀਆਂ ਹਨ । ਇਹੀ ਵਿਭਿੰਨਤਾ ਭਵਿੱਖ ਵਿੱਚ ਨਵੀਆਂ ਅਤੇ ਵਧੀਆ ਕਿਸਮਾਂ ਵਿਕਸਿਤ ਕਰਨ ਦਾ ਆਧਾਰ ਬਣਦੀ ਹੈ ।

ਕੀ ਮੰਨਣਾ ਹੈ ਵਿਗਿਆਨੀਆਂ ਦਾ

ਜਲਵਾਯੂ ਤਬਦੀਲੀ (Climate change) ਕਾਰਨ ਵਧਦਾ ਤਾਪਮਾਨ, ਅਨਿਯਮਿਤ ਵਰਖਾ, ਸੋਕੇ, ਹੜ੍ਹ ਅਤੇ ਨਵੀਆਂ ਬਿਮਾਰੀਆਂ ਖੇਤੀ ਲਈ ਵੱਡੀ ਚੁਣੌਤੀ ਬਣ ਰਹੀਆਂ ਹਨ । ਵਿਗਿਆਨੀਆਂ ਦਾ ਮੰਨਣਾ ਹੈ ਕਿ ਅੱਜ ਆਮ ਲੱਗਣ ਵਾਲੀ ਕੋਈ ਪੁਰਾਣੀ ਕਿਸਮ ਭਵਿੱਖ ਵਿੱਚ ਕਿਸੇ ਨਵੀਂ ਬਿਮਾਰੀ ਜਾਂ ਮੌਸਮੀ ਸੰਕਟ ਨਾਲ ਨਜਿੱਠਣ ਲਈ ਬਹੁਤ ਕੀਮਤੀ ਸਾਬਤ ਹੋ ਸਕਦੀ ਹੈ । ਇਸ ਲਈ ਜੈਨੇਟਿਕ ਵਿਭਿੰਨਤਾ ਦੀ ਸੰਭਾਲ ਸਮੇਂ ਦੀ ਲੋੜ ਬਣ ਚੁੱਕੀ ਹੈ ।

ਕੀ ਜਾਣਕਾਰੀ ਦਿੱਤੀ ਜੀਨ ਬੈਂਕ ਸਬੰਧੀ

ਡਾ. ਗੁਰਦੇਵ ਸਿੰਘ ਖੁਸ਼ ਜੈਨੇਟਿਕਸ ਸੰਸਥਾਨ ਦੀ ਨਿਰਦੇਸ਼ਕ ਡਾ. ਸਤਿੰਦਰ ਕੌਰ ਨੇ ਦੱਸਿਆ ਕਿ ਜੀਨ ਬੈਂਕ ਇੱਕ ਵਿਸ਼ੇਸ਼ ਸਹੂਲਤ ਹੈ, ਜਿੱਥੇ ਬੀਜਾਂ ਨੂੰ ਨਿਯੰਤਰਿਤ ਵਾਤਾਵਰਣ ਵਿੱਚ ਪੰਜ ਤੋਂ ਸੱਤ ਸਾਲ ਤੱਕ ਸੰਭਾਲਿਆ ਜਾਂਦਾ ਹੈ । ਨਿਰਧਾਰਤ ਸਮੇਂ ਬਾਅਦ ਇਨ੍ਹਾਂ ਨੂੰ ਮੁੜ ਬੀਜ ਕੇ ਨਵੇਂ ਬੀਜ (New seeds) ਤਿਆਰ ਕੀਤੇ ਜਾਂਦੇ ਹਨ ਅਤੇ ਫਿਰ ਦੁਬਾਰਾ ਜੀਨ ਬੈਂਕ ਵਿੱਚ ਰੱਖਿਆ ਜਾਂਦਾ ਹੈ ।

Advertisement