ਸੰਗਰੂਰ ਪੁਲਸ ਨੇ ਭਗੌੜੇ ਅਪਰਾਧੀ ਨੂੰ ਕੀਤਾ ਅਸਲੇ ਸਮੇਤ ਗ੍ਰਿਫ਼ਤਾਰ

ਸੰਗਰੂਰ, 8 ਜੂਨ 2026 : ਪੰਜਾਬ ਦੇ ਜਿਲਾ ਸੰਗਰੂਰ ਦੀ ਪੁਲਸ (Sangrur Police) ਵਲੋਂ ਇਕ ਖਤਰਨਾਕ ਤੇ ਭਗੌੜੇ ਅਧਰਾਧੀ ਨੂੰ ਅਸਲੇ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਐਸ. ਐਸ. ਪੀ. ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੈ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਜਾਰੀ

ਸੰਗਰੂਰ ਦੇ ਐੱਸ. ਐੱਸ. ਪੀ. ਡਾ. ਰਵਜੋਤ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਸ ਨੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਥਾਣਾ ਸਿਟੀ ਸੁਨਾਮ ਦੇ ਏਰੀਏ ਵਿੱਚੋਂ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ । ਪੁਲਸ ਨੇ ਗੁਪਤ ਸੂਚਨਾ ਦੇ ਅਧਾਰ `ਤੇ ਇੱਕ ਨਾਮੀ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ 04 ਨਜਾਇਜ਼ ਪਿਸਤੌਲ 32 ਬੋਰ, 03 ਮੈਗਜ਼ੀਨ ਅਤੇ 08 ਜਿੰਦਾ ਰੌਂਦ 32 ਬੋਰ ਸਮੇਤ ਇੱਕ ਬ੍ਰਿਜ਼ਾ ਕਾਰ (ਨੰਬਰ -14-4194) ਬਰਾਮਦ ਕੀਤੀ ਗਈ ਹੈ ।

ਕੌਣ ਹੈ ਇਹ ਫੜਿਆ ਗਿਆ ਮੁਲਜਮ

ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ (Manpreet Singh alias Mani) ਪੁੱਤਰ ਬੂੜਾ ਸਿੰਘ, ਵਾਸੀ ਜਗਤਪੁਰਾ ਬਸਤੀ ਸੁਨਾਮ ਵਜੋਂ ਹੋਈ ਹੈ । ਪੁਲਸ ਮੁਤਾਬਕ ਇਹ ਮੁਲਜ਼ਮ ਪਿਛਲੇ ਕਰੀਬ 6 ਮਹੀਨਿਆਂ ਤੋਂ ਭਗੌੜਾ ਚੱਲਿਆ ਆ ਰਿਹਾ ਸੀ ਅਤੇ ਇਸ ਦੇ ਖ਼ਿਲਾਫ਼ ਵੱਖ-ਵੱਖ ਸੰਗੀਨ ਜੁਰਮਾਂ ਤਹਿਤ ਪਹਿਲਾਂ ਹੀ ਕਰੀਬ 10 ਮੁਕੱਦਮੇ ਦਰਜ ਹਨ । ਇਸ ਵਾਰ ਪੁਲਸ ਨੇ ਥਾਣਾ ਸਿਟੀ ਸੁਨਾਮ ਵਿਖੇ ਮੁਕੱਦਮਾ ਨੰਬਰ 261, ਮਿਤੀ 08.12.2025 ਤਹਿਤ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਕਾਰਵਾਈ ਕਰਦਿਆਂ ਇਸ ਨੂੰ ਦਬੋਚਿਆ ਹੈ ।

ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ ਸ਼ੁਰੂਆਤੀ ਪੁੱਛਗਿੱਛ ਦੌਰਾਨ

ਪੁਲਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਇੱਕ ਬਹੁਤ ਹੀ ਹੈਰਾਨੀਜਨਕ ਖੁਲਾਸਾ ਹੋਇਆ ਹੈ । ਪਤਾ ਲੱਗਿਆ ਹੈ ਕਿ ਮੁਲਜ਼ਮ ਮਨਪ੍ਰੀਤ ਸਿੰਘ ਇਸ ਨਜਾਇਜ਼ ਅਸਲੇ ਨਾਲ ਸੁਨਾਮ ਦੀ ਪਰਮਾਨੰਦ ਬਸਤੀ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਉਰਫ਼ ਲੱਖੀ ਉਰਫ਼ ਪੈਂਥਰ ਦਾ ਕਤਲ ਕਰਨ ਦੀ ਫਿਰਾਕ ਵਿੱਚ ਸੀ । ਪੁਲਸ ਨੇ ਐਨ ਮੌਕੇ `ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਇੱਕ ਖ਼ੌਫ਼ਨਾਕ ਵਾਰਦਾਤ ਨੂੰ ਵਾਪਰਨ ਤੋਂ ਰੋਕ ਲਿਆ ਹੈ । ਪੁਲਸ ਹੁਣ ਮੁਲਜ਼ਮ ਦਾ ਰਿਮਾਂਡ (Remand) ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ, ਜਿਸ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ।