ਚੰਡੀਗੜ੍ਹ, 29 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਆਖਿਆ ਹੈ ਕਿ ਪੰਜਾਬ ਵਿਚ ਪੇਪਰ ਲੀਕ ਦਾ ਨਹੀਂ ਸਿਰਫ਼ ਨਕਲ ਦਾ ਹੀ ਮਾਮਲਾ ਸਾਹਮਣੇ ਆਇਆ ਸੀ ।
ਚਾਰ ਸਾਲਾਂ ਦੇ ਸਮੇਂ ਵਿਚ ਇਕ ਵੀ ਪੇਪਰ ਲੀਕ ਨਹੀਂ ਹੋਇਆ : ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਹੈ ਕਿ ਸੂਬੇ `ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਸਾਢੇ 4 ਸਾਲਾਂ ਦਾ ਸਮਾਂ ਹੋ ਗਿਆ ਹੈ ਪਰ ਇਸ ਦੌਰਾਨ ਇਕ ਵੀ ਪੇਪਰ ਲੀਕ ਨਹੀਂ ਹੋਇਆ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫਾਰਮੇਸੀ ਦੇ ਪੇਪਰ `ਚ ਨਕਲ ਮਾਰਨ ਦਾ ਇਕ ਕੇਸ ਸਾਹਮਣੇ ਆਇਆ ਸੀ ਅਤੇ ਇਕ ਵਿਦਿਆਰਥੀ ਬਲੂਟੁੱਥ ਰਾਹੀਂ ਨਕਲ ਮਾਰਨ ਦੀ ਕੋਸਿ਼ਸ਼ ਕਰ ਰਿਹਾ ਸੀ । ਪਤਾ ਚੱਲਦਿਆਂ ਹੀ ਪੁਲਸ ਹਰਕਤ `ਚ ਆਈ ਅਤੇ ਦੋਸ਼ੀਆਂ ਨੂੰ ਫੜ ਕੇ ਜੇਲ `ਚ ਭੇਜ ਦਿੱਤਾ ਗਿਆ ।
ਫਾਰਮੇਸੀ ਪੇਪਰ ਸਿੱਖਿਆ ਮੰਤਰੀ ਅਧੀਨ ਨਹੀਂ ਆਉਂਦਾ
ਉਨ੍ਹਾਂ ਕਿਹਾ ਕਿ ਫਾਰਮੇਸੀ ਦਾ ਪੇਪਰ ਪੰਜਾਬ `ਚ ਹੋਇਆ ਹੈ ਅਤੇ ਪੇਪਰ ਲੀਕ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਉਨ੍ਹਾਂ ਕਿਹਾ ਕਿ ਫਾਰਮੇਸੀ ਪੇਪਰ ਸਿੱਖਿਆ ਮੰਤਰੀ ਦੇ ਅਧੀਨ ਨਹੀਂ ਆਉਂਦਾ । ਇਹ ਸਿਹਤ ਵਿਭਾਗ ਅਧੀਨ ਆਉਂਦਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਪਹਿਲਾਂ ਜੰਤਰ-ਮੰਤਰ ਵਾਲੀ ਘਟਨਾ ਨੂੰ ਸੰਭਾਲ ਲੈਣਾ ਚਾਹੀਦਾ ਹੈ, ਬਾਅਦ `ਚ ਉਸ ਨੂੰ ਪੰਜਾਬ ਬਾਰੇ ਬੋਲਣਾ ਚਾਹੀਦਾ ਹੈ ।
ਪੰਜਾਬ ਵਿਚ ਸਿਰਫ਼ ਮੈਰਿਟ ‘ਤੇ ਹੁੰਦਾ ਹੈ ਕੰਮ
ਉਨ੍ਹਾਂ ਕਿਹਾ ਕਿ ਉਹ ਅੱਜ ਸੰਸਦ ਮੈਂਬਰ ਸਾਥੀਆਂ ਨਾਲ ਮੁਲਾਕਾਤ ਕਰਨ ਆਏ ਸਨ ਅਤੇ ਉਨ੍ਹਾਂ ਤੋਂ ਅਤੀਤ `ਚ ਉਨ੍ਹਾਂ ਨੇ ਕਾਫੀ ਕੁਝ ਸਿੱਖਿਆ ਸੀ । ਉਨ੍ਹਾਂ ਕਿਹਾ ਕਿ ਪੰਜਾਬ ’ਚ ਨਾ ਤਾਂ ਪੈਸਾ ਚੱਲਦਾ ਹੈ ਅਤੇ ਨਾ ਹੀ ਸਿਫਾਰਸ਼ ਚੱਲਦੀ ਹੈ, ਕੇਵਲ ਮੈਰਿਟ `ਤੇ ਕੰਮ ਹੁੰਦਾ ਹੈ ਅਤੇ ਸਰਕਾਰ ਨੇ ਮੈਰਿਟ `ਤੇ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਹਨ । ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਆਪਣੇ ਵਜੂਦ ਦੀ ਲੜਾਈ ਲੜ ਰਿਹਾ ਹੈ ਅਤੇ ਉਸ ਦਾ ਪੰਜਾਬ `ਚ ਕੋਈ ਪ੍ਰਭਾਵ ਨਹੀਂ ਹੈ ।









