ਜਲੰਧਰ ਵਿਚ ਮੋਬਾਇਲ ਦੀ ਦੁਕਾਨ ‘ਤੇ ਅਣਪਛਾਤੇ ਵਿਅਕਤੀਆਂ ਕੀਤੀ ਗੋਲੀਬਾਰੀ

ਜਲੰਧਰ, 20 ਜੂੂਨ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਵਿਖੇ ਅੱਜ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਹਮਲਾਵਰਾਂ ਵਲੋਂ ਇਕ ਮੋਬਾਇਲ ਦੀ ਦੁਕਾਨ ‘ਤੇ ਗੋਲੀਬਾਰੀ (Shooting) ਕੀਤੀ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਸ਼ਹਿਰ ਦੇ ਫੁੱਟਬਾਲ ਚੌਕ ਦੇ ਨੇੜੇ ਸਥਿਤ ਕਾਰ ਬਾਜ਼ਾਰ ਵਿੱਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮੋਟਰਸਾਈਕਲ ਸਵਾਰ (Motorcyclist) ਦੋ ਨੌਜਵਾਨਾਂ ਨੇ ਇੱਕ ਮੋਬਾਈਲ ਦੀ ਦੁਕਾਨ `ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ । ਦੱਸਿਆ ਜਾ ਰਿਹਾ ਹੈ ਕਿ ਇਹ ਫਾਇਰਿੰਗ `ਚਾਵਲਾ ਮੋਬਾਈਲ ਸ਼ਾਪ` ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ।

ਗੋਲੀਬਾਰੀ ਕੀਤੇ ਜਾਣ ਦੇ ਬਾਵਜੂਦ ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਦੱਸ ਦਈਏ ਕਿ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਦੁਕਾਨ ਦੇ ਬਾਹਰ ਆ ਕੇ ਅਚਾਨਕ ਪਿਸਤੌਲ ਤਾਣ ਲਈ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ । ਗੋਲੀਆਂ ਚੱਲਣ ਕਾਰਨ ਦੁਕਾਨ ਦਾ ਮੂਹਰਲਾ ਸ਼ੀਸ਼ਾ ਪੂਰੀ ਤਰ੍ਹਾਂ ਟੁੱਟ ਗਿਆ । ਇਸ ਹਮਲੇ ਵਿੱਚ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਅਤੇ ਵੱਡਾ ਬਚਾਅ ਹੋ ਗਿਆ ।

ਦੁਕਾਨਦਾਰਾਂ ਨੇ ਮੁਸਤੈਦੀ ਦਿਖਾਉਂਦਿਆਂ ਕੀਤਾ ਗੋਲੀਆਂ ਚਲਾਉਣ ਵਾਲਿਆਂ ਨੂੰ ਕਾਬੂ

ਗੋਲੀਆਂ ਚੱਲਣ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਬਹਾਦਰੀ ਦਿਖਾਉਂਦੇ ਹੋਏ ਮੌਕੇ `ਤੇ ਹੀ ਗੋਲੀ ਚਲਾਉਣ ਵਾਲੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਭਾਰੀ ਪੁਲਸ ਫੋਰਸ (Police force) ਮੌਕੇ `ਤੇ ਪਹੁੰਚ ਗਈ ਹੈ । ਪੁਲਸ ਨੇ ਦੋਵਾਂ ਹਮਲਾਵਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਵਾਰਦਾਤ ਦੇ ਪਿੱਛੇ ਦੀ ਵਜ੍ਹਾ ਦਾ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ ।