ਹਿਮਾਚਲ, 13 ਅਪ੍ਰੈਲ 2026 : ਨੀਦਰਲੈਂਡ (Netherland) ਵਿਚ ਹੋਈਆਂ ਐਨ. ਐਨ. ਮੈਰਾਥਨ ਰੋਟਰਡੈਮ ਵਿਚ ਹਿਮਾਚਲ ਦੇ ਸਾਵਨ ਬਰਵਾਲ ਨੇ ਦੌੜ ਵਿਚ 20ਵਾਂ ਸਥਾਨ (20th place) ਹਾਸਲ ਕੀਤੇ ਜਾਣ ਦਾ ਸਮਾਚਾਰ ਹੈ ।
ਕਿੰਨੀ ਦੂਰੀ ਕਿੰਨੇ ਸਮੇਂ ਵਿਚ ਕੀਤੀ ਬਰਵਾਲ ਨੇ ਪੂਰੀ
ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਲੰਬੀ ਦੂਰੀ ਦੇ ਦੌੜਾਕ ਸਾਵਨ ਬਰਵਾਲ (Runner Sawan Barwal) ਨੇ ਐਤਵਾਰ ਨੂੰ ਉਸ ਸਮੇਂ ਇਕ ਇਤਿਹਾਸ ਰਚ ਦਿੱਤਾ ਜਦੋਂ ਉਸ ਨੇ ਨੀਦਰਲੈਂਡਜ਼ ਵਿੱਚ ਆਯੋਜਿਤ ਐਨ. ਐਨ. ਮੈਰਾਥਨ ਰੋਟਰਡੈਮ (N. N. Marathon Rotterdam) ਵਿੱਚ 48 ਸਾਲ ਪੁਰਾਣਾ ਰਾਸ਼ਟਰੀ ਮੈਰਾਥਨ ਰਿਕਾਰਡ ਤੋੜਿਆ । ਇਹ ਭਾਰਤੀ ਐਥਲੈਟਿਕਸ ਦੇ ਇਤਿਹਾਸ ਵਿੱਚ ਸਭ ਤੋਂ ਲੰਬਾ ਰਿਕਾਰਡ ਸੀ । ਇਸ ਕੁਲੀਨ ਮੈਰਾਥਨ ਦੌੜ ਵਿੱਚ ਬਰਵਾਲ 20ਵੇਂ ਸਥਾਨ `ਤੇ ਰਿਹਾ, 42.195 ਕਿਲੋਮੀਟਰ ਦੀ ਦੂਰੀ 2 ਘੰਟੇ, 11 ਮਿੰਟ ਅਤੇ 58 ਸਕਿੰਟਾਂ ਵਿੱਚ ਪੂਰੀ ਕੀਤੀ । ਇਸ ਪ੍ਰਦਰਸ਼ਨ ਨਾਲ ਉਸ ਨੇ 2 : 12 ਘੰਟਿਆਂ ਦੇ ਪਿਛਲੇ ਰਾਸ਼ਟਰੀ ਰਿਕਾਰਡ ਨੂੰ ਤੋੜ ਦਿੱਤਾ, ਜੋ ਕਿ 1978 ਵਿੱਚ ਸ਼ਿਵਨਾਥ ਸਿੰਘ ਵੱਲੋਂ ਬਣਾਇਆ ਗਿਆ ਸੀ । ਦੌੜ ਵਿੱਚ ਹਿੱਸਾ ਲੈਣ ਵਾਲੇ ਦੂਜੇ ਭਾਰਤੀ ਦੌੜਾਕ, ਗੋਪੀ ਥੋਨਾਕਲ, 2 : 13 : 16 ਘੰਟੇ ਦਾ ਸਮਾਂ ਕੱਢ ਕੇ 23ਵੇਂ ਸਥਾਨ `ਤੇ ਰਿਹਾ ।
ਰੋਟਰਡੈਮ ਵਿਚ ਸਾਵਨ ਬਰਵਾਲ ਦੀ ਦੌੜ ਪਹਿਲੀ ਦੌੜ ਸੀ
ਬਰਵਾਲ ਦੀ ਪ੍ਰਾਪਤੀ ਇਸ ਲਈ ਵੀ ਪ੍ਰਸ਼ੰਸਾਯੋਗ ਹੈ ਕਿਉਂਕਿ ਰੋਟਰਡੈਮ ਵਿੱਚ ਦੌੜ ਉਸ ਦੀ ਪਹਿਲੀ ਮੈਰਾਥਨ ਸੀ । ਐਤਵਾਰ ਤੋਂ ਪਹਿਲਾਂ ਉਸ ਨੇ ਕਦੇ ਵੀ ਅਧਿਕਾਰਤ ਮੈਰਾਥਨ ਦੌੜ ਨਹੀਂ ਦੌੜੀ ਸੀ । ਜਨਵਰੀ ਵਿੱਚ ਅਮਰੀਕਾ ਵਿੱਚ ਹੋਈ ਵਿਸ਼ਵ ਐਥਲੈਟਿਕਸ ਕਰਾਸ ਕੰਟਰੀ ਚੈਂਪੀਅਨਸਿਪ (World Athletics Cross Country Championships) ਵਿੱਚ ਭਾਗ ਲੈਣ ਤੋਂ ਬਾਅਦ ਇਹ ਸੀਜ਼ਨ ਦਾ ਉਸ ਦਾ ਦੂਜਾ ਮੁਕਾਬਲਾ ਸੀ। ਹਿਮਾਚਲ ਪ੍ਰਦੇਸ਼ ਦੇ ਮੰਡੀ ਜਿ਼ਲ੍ਹੇ ਦੇ ਜੋਗਿੰਦਰ ਨਗਰ ਖੇਤਰ ਦੇ ਇੱਕ ਪਿੰਡ ਤੋਂ 28 ਸਾਲਾ ਬਰਵਾਲ ਨੇ ਕਈ ਸਾਲਾਂ ਤੋਂ ਸਖ਼ਤ ਸਿਖਲਾਈ ਲਈ ਹੈ ਅਤੇ ਆਪਣੇ ਆਪ ਨੂੰ ਇੱਕ ਮਸ਼ਹੂਰ ਲੰਬੀ ਦੂਰੀ ਦੇ ਦੌੜਾਕ ਵਜੋਂ ਸਥਾਪਿਤ ਕੀਤਾ ਹੈ ।










