Patiala Help Club Logo

ਕੇ. ਵੀ. ਕੇ. ਨੇ ਕਰਵਾਈ ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ `ਤੇ ਸਿਖਲਾਈ

ਸੰਗਰੂਰ, 11 ਅਗਸਤ 2026 : ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਵਲੋਂ ਪੰਜ ਰੋਜ਼ਾ ਖੂੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਤੇ ਕਿੱਤਾ ਮੁਖੀ ਸਿਖਲਾਈ ਕਰਵਾਈ ਗਈ ।

ਕਿੰਨੇ ਪਿੰਡਾਂ ਦੇ ਕਿਸਾਨਾਂ ਨੇ ਲਿਆ ਭਾਗ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ (Agricultural Science Center) (ਸੰਗਰੂਰ) ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੀ. ਏ. ਯੂ. (ਲੁਧਿਆਣਾ) ਦੀ ਅਗਵਾਈ ਹੇਠ ਜੋ ਖੂੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਵਿਸ਼ੇ `ਤੇ ਪੰਜ-ਰੋਜ਼ਾ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ (Vocational training program) ਦਾ ਆਯੋਜਨ ਕੀਤਾ ਗਿਆ ਦੇ ਵਿੱਚ ਜਿ਼ਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਦੇ 35 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ ।

ਡਾ. ਮਨਦੀਪ ਨੇ ਦਿੱਤਾ ਖੂੰਬਾਂ ਦੀ ਕਾਸ਼ਤ ਦੀ ਆਰਥਿਕ ਮਹੱਤਤਾ ‘ਤੇ ਜੋਰ

ਸਿਖਲਾਈ ਦੇ ਪਹਿਲੇ ਦਿਨ ਡਾ. ਮਨਦੀਪ ਸਿੰਘ, ਇੰਚਾਰਜ, ਕੇ. ਵੀ. ਕੇ., ਸੰਗਰੂਰ ਨੇ ਸਿਖਿਆਰਥੀਆਂ ਦਾ ਸਵਾਗਤ ਕਰਦੇ ਹੋਏ ਖੁੰਬਾਂ ਦੀ ਕਾਸ਼ਤ ਦੀ ਆਰਥਿਕ ਮਹੱਤਤਾ `ਤੇ ਜ਼ੋਰ ਦਿੱਤਾ । ਉਨ੍ਹਾਂ ਕਿਹਾ ਕਿ ਖੁੰਬਾਂ ਦੀ ਕਾਸ਼ਤ (Mushroom cultivation) ਨੂੰ ਖੇਤੀਬਾੜੀ ਦੇ ਸਹਾਇਕ ਕਿੱਤੇ ਵਜੋਂ ਅਪਣਾਉਣ ਨਾਲ ਪੇਂਡੂ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਲਈ ਆਮਦਨ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ । ਡਾ. ਰਵਿੰਦਰ ਕੌਰ, ਸਹਿਯੋਗੀ ਪ੍ਰੋਫੈਸਰ (ਬਾਗਬਾਨੀ) ਨੇ ਸਾਲ-ਭਰ ਉਗਾਈਆਂ ਜਾਣ ਵਾਲੀਆਂ ਖੁੰਬਾਂ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਕੰਪੋਸਟ ਤਿਆਰ ਕਰਨ, ਬਿਜਾਈ, ਕੇਸਿੰਗ ਅਤੇ ਫਸਲ ਦੀ ਸਾਂਭ-ਸੰਭਾਲ ਦੇ ਵਿਗਿਆਨਕ ਤਰੀਕੇ ਵਿਸਥਾਰ ਨਾਲ ਸਮਝਾਏ ।

ਸਹਾਇਕ ਪ੍ਰੋਫੈਸਰ ਨੇ ਖੂੰਬਾਂ ਨੂੰ ਦੱਸਿਆ ਪੋਸ਼ਟਿਕ ਭੋਜਨ

ਡਾ. ਵਿਤਾਸਤਾ, ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਨੇ ਖੁੰਬਾਂ ਨੂੰ ਪੌਸ਼ਟਿਕ ਭੋਜਨ ਦੱਸਦਿਆਂ ਕਿਹਾ ਕਿ ਇਹ ਪ੍ਰੋਟੀਨ, ਫਾਈਬਰ, ਬੀ-ਵਿਟਾਮਿਨ, ਸ਼ਕਤੀਸ਼ਾਲੀ ਐਂਟੀਆਕਸੀਡੈਂਟ ਅਤੇ ਵਿਟਾਮਿਨ-ਡੀ ਦਾ ਕੁਦਰਤੀ ਸਰੋਤ ਹਨ । ਉਨ੍ਹਾਂ ਨੇ ਖੁੰਬਾਂ ਤੋਂ ਬਣਨ ਵਾਲੇ ਵੱਖ-ਵੱਖ ਪਕਵਾਨਾਂ ਦੀਆਂ ਵਿਧੀਆਂ ਵੀ ਸਾਂਝੀਆਂ ਕੀਤੀਆਂ । ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ ਫਸਲ ਵਿਗਿਆਨ ਨੇ ਗੁਣਵੱਤਾ ਵਾਲੀ ਕੰਪੋਸਟ ਤਿਆਰ ਕਰਨ ਦੇ ਨੁਕਤੇ ਦੱਸੇ, ਜਿਨ੍ਹਾਂ ਨੂੰ ਅਪਣਾ ਕੇ ਖੁੰਬਾਂ ਦੀ ਪੈਦਾਵਾਰ ਅਤੇ ਗੁਣਵੱਤਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ ।

ਸਿਖਲਾਈ ਦੇ ਅਖੀਰ ਵਿਚ ਕੀਤਾ ਗਿਆ ਖੂੰਬਾਂ ਦੇ ਪ੍ਰਸਿੱਧ ਫਾਰਮ ਦਾ ਦੌਰਾ

ਖੇਤੀਬਾੜੀ ਤਕਨਾਲੋਜੀ ਪ੍ਰਬੰਧਨ ਏਜੰਸੀ (ਆਤਮਾ), ਸੰਗਰੂਰ ਦੇ ਸਹਿਯੋਗ ਨਾਲ ਪੀ. ਏ. ਯੂ., ਲੁਧਿਆਣਾ ਦੇ ਐਕਸਪੋਜ਼ਰ ਦੌਰੇ ਦੌਰਾਨ ਡਾ. ਸ਼ਿਵਾਨੀ, ਮਾਈਕੋਲੋਜਿਸਟ ਅਤੇ ਡਾ. ਜਗਬੀਰ ਕੌਰ ਰਹਿਲ, ਫੂਡ ਟੈਕਨੋਲੋਜਿਸਟ ਨੇ ਸਪਾਨ ਦੀ ਤਿਆਰੀ, ਕੰਪੋਸਟ ਬਣਾਉਣ ਅਤੇ ਖੁੰਬਾਂ ਦੀ ਪ੍ਰੋਸੈਸਿੰਗ ਦੀਆਂ ਆਧੁਨਿਕ ਤਕਨੀਕਾਂ ਬਾਰੇ ਦੱਸਿਆ । ਉਨ੍ਹਾਂ ਕਿਹਾ ਕਿ ਵਿਗਿਆਨਕ ਉਤਪਾਦਨ ਤਕਨੀਕਾਂ ਅਤੇ ਪ੍ਰੋਸੈਸਿੰਗ ਨਾਲ ਕਿਸਾਨ ਖੁੰਬਾਂ ਤੋਂ ਵੱਧ ਆਮਦਨ ਲੈ ਸਕਦੇ ਹਨ । ਸਿਖਲਾਈ ਦੇ ਅੰਤ ਵਿੱਚ ਭਾਗੀਦਾਰਾਂ ਨੇ ਪਿੰਡ ਬਡਰੁੱਖਾਂ ਦੇ ਅਗਾਂਹਵਧੂ ਖੁੰਬ ਉਤਪਾਦਕ ਦੇ “ਮਡਾਹਰ ਮਸ਼ਰੂਮ ਫਾਰਮ” ਦਾ ਦੌਰਾ ਵੀ ਕੀਤਾ ।

Advertisement