ਬਠਿੰਡਾ, 24 ਨਵੰਬਰ 2026 : ਪੰਜਾਬ ਦੇ ਜਿਲਾ ਬਠਿੰਡਾ ਵਿਖੇ ਪੰਜਾਬ ਕ੍ਰਿਕਟ ਐਸੋਸੀਏਸ਼ਨ (Punjab Cricket Association) ਵਲੋਂ ਵ੍ਹੀਲਚੇਅਰ ਕ੍ਰਿਕਟ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੇ ਜਾਣ ਦਾ ਸਮਾਚਾਰ ਹੈ ।
ਕੀ ਕਾਰਨ ਵ੍ਹੀਲਚੇਅਰ ਕ੍ਰਿਕਟ ਦੀ ਸ਼ੁਰੂਆਤ ਕਰਨ ਦਾ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਜੋ ਬਠਿੰਡਾ ਤੋਂ ਵ੍ਹੀਲਚੇਅਰ ਕ੍ਰਿਕਟ (wheelchair cricket) ਦੀ ਸ਼ੁਰੂਆਤ ਕੀਤੀ ਗਈ ਹੈ ਦਾ ਮੁੱਖ ਮਕਸਦ ਦਿਵਿਆਂਗ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਬਿਹਤਰ ਮੌਕੇ ਅਤੇ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਪਹਿਲਕਦਮੀ ਕਰਨਾ ਹੈ । ਬਠਿੰਡਾ ਵਿਖੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਟੀਮਾਂ ਵਿਚਕਾਰ ਵ੍ਹੀਲਚੇਅਰ ਕ੍ਰਿਕਟ ਦਾ ਦੋਸਤਾਨਾ ਮੈਚ ਕਰਵਾਇਆ ਗਿਆ । ਇਸ ਮੌਕੇ ਪੀ. ਸੀ. ਏ. ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਦੋਵਾਂ ਟੀਮਾਂ ਨੂੰ 10-10, ਯਾਨੀ ਕੁੱਲ 20 ਵਿਸ਼ੇਸ਼ ਵ੍ਹੀਲਚੇਅਰਾਂ ਦੇਣ ਦਾ ਐਲਾਨ ਕੀਤਾ ।
ਕੀ ਆਖਿਆ ਐਸੋਸੀਏਸ਼ਨ ਦੇ ਅਮਰਜੀਤ ਮਹਿਤਾ ਨੇ
ਐਸੋਸੀਏਸ਼ਨ ਦੇ ਅਮਰਜੀਤ ਮਹਿਤਾ ਨੇ ਆਖਿਆ ਹੈ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵ੍ਹੀਲਚੇਅਰ ਕ੍ਰਿਕਟ ਦੀ ਵੀ ਆਈ. ਪੀ. ਐੱਲ. ਦੀ ਤਰਜ਼ `ਤੇ ਇੱਕ ਸ਼ਾਨਦਾਰ ਲੀਗ ਕਰਵਾਈ ਜਾਵੇ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਟੀਮਾਂ ਹਿੱਸਾ ਲੈਣ । ਇਸ ਨਾਲ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਮੰਚ ਮਿਲੇਗਾ ਅਤੇ ਸਮਾਜ ਵਿੱਚ ਬਰਾਬਰੀ ਤੇ ਸਕਾਰਾਤਮਕ ਸੋਚ ਦਾ ਸੰਦੇਸ਼ ਵੀ ਜਾਵੇਗਾ ।
ਵ੍ਹੀਲਚੇਅਰ ਕ੍ਰਿਕਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਨੇ ਕੀ ਆਖਿਆ
ਇਸ ਮੌਕੇ ਵ੍ਹੀਲਚੇਅਰ ਕ੍ਰਿਕਟ ਐਸੋਸੀਏਸ਼ਨ ਚੰਡੀਗੜ੍ਹ ਅਤੇ ਪੰਜਾਬ ਦੇ ਪ੍ਰਧਾਨ ਡਾ. ਰੁਪੇਸ਼ ਕੁਮਾਰ ਸਿੰਘ ਨੇ ਸਮੁੱਚੀ ਐਸੋਸੀਏਸ਼ਨ ਅਤੇ ਖਿਡਾਰੀਆਂ ਵੱਲੋਂ ਸ੍ਰੀ ਅਮਰਜੀਤ ਮਹਿਤਾ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਖਿਡਾਰੀ ਪਿਛਲੇ ਕਰੀਬ 10 ਸਾਲਾਂ ਤੋਂ ਵ੍ਹੀਲਚੇਅਰ ਕ੍ਰਿਕਟ ਖੇਡ ਰਹੇ ਹਨ, ਪਰ ਲੋੜੀਂਦੀਆਂ ਸਹੂਲਤਾਂ ਨਾ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ
ਪੈਂਦਾ ਸੀ ।
ਖਿਡਾਰੀਆਂ ਦੀ ਜ਼ਰੂਰਤ ਨੂੰ ਦੇਖਦਿਆਂ ਕੀਤਾ ਗਿਆ ਹੈ ਫ਼ੈਸਲਾ
ਕਈ ਵਾਰ ਸਿਰਫ਼ ਚਾਰ-ਪੰਜ ਵ੍ਹੀਲਚੇਅਰਾਂ ਦੇ ਸਹਾਰੇ ਹੀ ਮੈਚ ਖੇਡਣੇ ਪੈਂਦੇ ਸਨ । ਉਨ੍ਹਾਂ ਕਿਹਾ ਕਿ ਸ੍ਰੀ ਅਮਰਜੀਤ ਮਹਿਤਾ ਨੇ ਖਿਡਾਰੀਆਂ ਦੀਆਂ ਜ਼ਰੂਰਤਾਂ ਨੂੰ ਸਮਝਦਿਆਂ 20 ਵਿਸ਼ੇਸ਼ ਵ੍ਹੀਲਚੇਅਰਾਂ ਦੇਣ ਦਾ ਜੋ ਫ਼ੈਸਲਾ ਕੀਤਾ ਹੈ, ਉਹ ਬੇਹੱਦ ਸ਼ਲਾਘਾਯੋਗ ਹੈ । ਉਨ੍ਹਾਂ ਨੇ ਖਿਡਾਰੀਆਂ ਨੂੰ ਸਿਰਫ਼ ਵ੍ਹੀਲਚੇਅਰਾਂ ਹੀ ਨਹੀਂ ਦਿੱਤੀਆਂ, ਸਗੋਂ ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇਣ ਦਾ ਕੰਮ ਕੀਤਾ ਹੈ ।
ਕਿੰਨੇ ਖਿਡਾਰੀਆਂ ਦੀ ਕੀਤੀ ਗਈ ਹੈ ਚੋਣ
ਡਾ. ਸਿੰਘ ਨੇ ਦੱਸਿਆ ਕਿ ਐਬਿਲਿਟੀ ਸਪੋਰਟਸ ਲੀਗ ਵਿੱਚ ਪੰਜਾਬ ਦੇ ਚਾਰ ਅਤੇ ਚੰਡੀਗੜ੍ਹ ਦੇ ਇੱਕ ਸਮੇਤ ਕੁੱਲ ਪੰਜ ਖਿਡਾਰੀਆਂ ਦੀ ਚੋਣ ਹੋਈ ਹੈ। ਉਨ੍ਹਾਂ ਪੀ. ਸੀ. ਏ. ਪ੍ਰਧਾਨ ਨੂੰ ਅਪੀਲ ਕੀਤੀ ਕਿ ਵ੍ਹੀਲਚੇਅਰ ਕ੍ਰਿਕਟ ਲਈ ਵੀ ਆਈ. ਪੀ. ਐੱਲ. ਦੀ ਤਰਜ਼ `ਤੇ ਵਿਸ਼ੇਸ਼ ਲੀਗ ਸ਼ੁਰੂ ਕੀਤੀ ਜਾਵੇ, ਤਾਂ ਜੋ ਖਿਡਾਰੀਆਂ ਨੂੰ ਵੱਡੇ ਮੰਚ `ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਸਕੇ ।












