ਚੰਡੀਗੜ੍ਹ, 13 ਜੁਲਾਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਖੇਡਾਂ ਤੇ ਖਿਡਾਰੀਆਂ ਦੋਹਾਂ ਲਈ ਹੀ ਕਈ ਅਹਿਮ ਕਦਮ ਚੁੱਕੇ ਗਏ ਹਨ ।
ਕੀ ਕਦਮ ਚੁੱਕੇ ਗਏ ਹਨ ਸਰਕਾਰ ਵਲੋਂ
ਭਗਵੰਤ ਸਿੰਘ ਮਾਨ (Bhagwant Singh Mann) ਸਰਕਾਰ ਵਲੋਂ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਖਿਡਾਰੀਆਂ ਦੀ ਆਰਥਿਕ ਅਤੇ ਸਮਾਜਿਕ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ਲਈ ਜਿਥੇ ਕਈ ਅਹਿਮ ਕਦਮ ਚੁੱਕੇ ਹਨ ਦੇ ਚਲਦਿਆਂ ਸਾਲ-2022 ਤੋਂ ਲੈ ਕੇ ਹੁਣ ਤੱਕ ਸਰਕਾਰ ਵੱਲੋਂ ਖਿਡਾਰੀਆਂ ਨੂੰ ਨਕਦ ਇਨਾਮ, ਵਿੱਤੀ ਸਹਾਇਤਾ ਅਤੇ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ ।
ਖਿਡਾਰੀਆਂ ਦੀ ਮਿਹਨਤ ਅਤੇ ਪ੍ਰਾਪਤੀਆਂ ਦਾ ਸਨਮਾਨ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ
ਮਈ 2026 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ 87 ਮਹਾਰਾਜਾ ਰਣਜੀਤ ਸਿੰਘ ਐਵਾਰਡ ਜੇਤੂਆਂ ਅਤੇ 1,070 ਤਮਗਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ । ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੀ ਮਿਹਨਤ ਅਤੇ ਪ੍ਰਾਪਤੀਆਂ ਦਾ ਸਨਮਾਨ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ । ਸਰਕਾਰ ਵੱਲੋਂ ਓਲੰਪਿਕ ਅਤੇ ਏਸ਼ਿਆਈ ਖੇਡਾਂ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਗਈ ਹੈ । ਇਸ ਦੇ ਨਾਲ ਹੀ 9 ਤਮਗਾ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ ਤਾਂ ਜੋ ਉਹ ਖੇਡਾਂ ਦੇ ਨਾਲ-ਨਾਲ ਆਪਣੇ ਭਵਿੱਖ ਨੂੰ ਵੀ ਸੁਰੱਖਿਅਤ ਬਣਾ ਸਕਣ ।
ਕਿੰਨੇ ਖਿਡਾਰੀਆਂ ਦੇ ਖਾਤੇ ਵਿਚ ਕੀਤੀ ਗਈ ਰਾਸ਼ੀ ਟ੍ਰਾਂਸਫਰ
ਖਿਡਾਰੀਆਂ ਨੂੰ ਮੁਕਾਬਲਿਆਂ ਦੀ ਤਿਆਰੀ ਲਈ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪਹਿਲੀ ਵਾਰ 220 ਖਿਡਾਰੀਆਂ ਦੇ ਬੈਂਕ ਖਾਤਿਆਂ ਵਿੱਚ 8.61 ਕਰੋੜ ਰੁਪਏ ਦੀ ਸਿੱਧੀ ਵਿੱਤੀ ਸਹਾਇਤਾ ਭੇਜੀ ਗਈ । ਇਸ ਸਹਾਇਤਾ ਦਾ ਮਕਸਦ ਖਿਡਾਰੀਆਂ ਨੂੰ ਉੱਚ ਪੱਧਰੀ ਤਿਆਰੀ ਲਈ ਲੋੜੀਂਦੇ ਸਾਧਨ ਅਤੇ ਸਹੂਲਤਾਂ ਮੁਹੱਈਆ ਕਰਵਾਉਣਾ ਸੀ । ਇਸ ਤੋਂ ਇਲਾਵਾ ਵੱਖ-ਵੱਖ ਪੜਾਅ ਵਿੱਚ 146 ਖਿਡਾਰੀਆਂ ਨੂੰ 12.17 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵੀ ਸਿੱਧੇ ਤੌਰ `ਤੇ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੀ ਗਈ ਹੈ, ਤਾਂ ਜੋ ਉਹ ਆਪਣੀ ਸਿਖਲਾਈ ਅਤੇ ਮੁਕਾਬਲਿਆਂ ਦੀ ਤਿਆਰੀ ਨਿਰਵਿਘਨ ਜਾਰੀ ਰੱਖ ਸਕਣ ।
ਪ੍ਰਤਿਭਾ ਨਿਖਾਰਨ ਲਈ ਉਚਿਤ ਬੁਨਿਆਦੀ ਢਾਂਚੇ ਦੀ ਹੰੁਦੀ ਹੈ ਲੌੜ
ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਨਣਾ ਹੈ ਕਿ ਜਦੋਂ ਖਿਡਾਰੀਆਂ ਨੂੰ ਬਿਹਤਰ ਖੇਡ ਢਾਂਚਾ, ਆਧੁਨਿਕ ਸਿਖਲਾਈ, ਯੋਗ ਕੋਚ ਅਤੇ ਆਰਥਿਕ ਸੁਰੱਖਿਆ ਮਿਲੇਗੀ ਤਾਂ ਉਹ ਵਿਸ਼ਵ ਪੱਧਰ `ਤੇ ਪੰਜਾਬ ਅਤੇ ਦੇਸ਼ ਦਾ ਨਾਮ ਹੋਰ ਉੱਚਾ ਕਰਨਗੇ । ਇਸੇ ਸੋਚ ਤਹਿਤ ਸਰਕਾਰ ਖੇਡਾਂ ਨੂੰ ਸਿਰਫ਼ ਮਨੋਰੰਜਨ ਨਹੀਂ, ਸਗੋਂ ਨੌਜਵਾਨਾਂ ਦੇ ਭਵਿੱਖ ਅਤੇ ਸੂਬੇ ਦੇ ਵਿਕਾਸ ਨਾਲ ਜੁੜੇ ਇੱਕ ਮਹੱਤਵਪੂਰਨ ਖੇਤਰ ਵਜੋਂ ਦੇਖ ਰਹੀ ਹੈ । ਪਿੰਡਾਂ ਦੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਬੇਅੰਤ ਪ੍ਰਤਿਭਾ ਮੌਜੂਦ ਹੈ, ਜਿਸ ਨੂੰ ਨਿਖਾਰਨ ਲਈ ਉਚਿਤ ਬੁਨਿਆਦੀ ਢਾਂਚੇ ਦੀ ਲੋੜ ਹੁੰਦੀ ਹੈ ।
ਖੇਡ ਮੈਦਾਨ ਕਰਦੇ ਖਿਡਾਰੀਆਂ ਨੂੰ ਵਧੀਆ ਸਿਖਲਾਈ ਤੇ ਅਭਿਆਸ ਦੇ ਮੌਕੇ ਪ੍ਰਦਾਨ
ਇਹ ਖੇਡ ਮੈਦਾਨ ਉਨ੍ਹਾਂ ਨੂੰ ਬਿਹਤਰ ਸਿਖਲਾਈ ਅਤੇ ਅਭਿਆਸ ਦੇ ਮੌਕੇ ਪ੍ਰਦਾਨ ਕਰਨਗੇ । ਇਸ ਦੇ ਨਾਲ ਹੀ ਸਰਕਾਰ ਵੱਲੋਂ ਖੇਡ ਨਰਸਰੀਆਂ ਸਥਾਪਿਤ ਕਰਨ ਦੀ ਯੋਜਨਾ ਵੀ ਲਾਗੂ ਕੀਤੀ ਜਾ ਰਹੀ ਹੈ । ਚਾਰ ਤੋਂ ਪੰਜ ਪਿੰਡਾਂ ਦੇ ਕਲੱਸਟਰ ਬਣਾ ਕੇ ਵਿਸ਼ੇਸ਼ ਖੇਡ ਨਰਸਰੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜਿੱਥੇ ਖਿਡਾਰੀਆਂ ਲਈ ਹੋਸਟਲ, ਮੈਸ ਅਤੇ ਕੋਚਾਂ ਲਈ ਰਿਹਾਇਸ਼ ਦੀ ਵਿਵਸਥਾ ਕੀਤੀ ਜਾਵੇਗੀ। ਇਲਾਕੇ ਦੇ ਰੁਝਾਨ ਅਤੇ ਪ੍ਰਤਿਭਾ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਬੰਧਿਤ ਖੇਡਾਂ ਦੀ ਚੋਣ ਕੀਤੀ ਜਾਵੇਗੀ ।
ਕੀ ਕੀ ਕੀਤਾ ਗਿਆ ਮਾਨ ਸਰਕਾਰ ਵਲੋਂ ਨਵੀਂ ਖੇਡ ਨੀਤੀ ਤਹਿਤ
ਨਵੀਂ ਖੇਡ ਨੀਤੀ ਤਹਿਤ ਇਨਾਮੀ ਰਾਸ਼ੀਆਂ ਅਤੇ ਵਿੱਤੀ ਸਹਾਇਤਾ ਦੇ ਪ੍ਰਬੰਧ ਨੂੰ ਵੀ ਹੋਰ ਮਜ਼ਬੂਤ ਕੀਤਾ ਗਿਆ ਹੈ । ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣਿਆ ਹੈ, ਜੋ ਅੰਤਰਰਾਸ਼ਟਰੀ ਮੁਕਾਬਲਿਆਂ (International competitions) ਦੀ ਤਿਆਰੀ ਕਰ ਰਹੇ ਖਿਡਾਰੀਆਂ ਨੂੰ 8 ਤੋਂ 10 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ, ਤਾਂ ਜੋ ਉਨ੍ਹਾਂ ਨੂੰ ਤਿਆਰੀ ਦੌਰਾਨ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ । ਇਸ ਨਾਲ ਖਿਡਾਰੀ ਆਪਣਾ ਪੂਰਾ ਧਿਆਨ ਖੇਡ ਪ੍ਰਦਰਸ਼ਨ ਉੱਤੇ ਕੇਂਦਰਿਤ ਕਰ ਸਕਦੇ ਹਨ । ਸਰਕਾਰ ਵੱਲੋਂ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਲਈ ਨੌਕਰੀਆਂ ਅਤੇ ਪੈਨਸ਼ਨਾਂ ਸਬੰਧੀ ਨਿਯਮਾਂ ਨੂੰ ਵੀ ਸਰਲ ਬਣਾਇਆ ਗਿਆ ਹੈ। ਇਸ ਨਾਲ ਖਿਡਾਰੀਆਂ ਦਾ ਭਵਿੱਖ ਹੋਰ ਸੁਰੱਖਿਅਤ ਬਣਦਾ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਰੋਜ਼ਗਾਰ ਬਣਾਉਣ ਲਈ ਉਤਸ਼ਾਹ ਮਿਲਦਾ ਹੈ ।
ਖੇਡਾਂ ਨੌਜਵਾਨਾ ਨੂੰ ਨਸਿ਼ਆਂ ਤੋਂ ਦੂਰ ਰੱਖਣ ਲਈ ਹਨ ਇਕ ਪ੍ਰਭਾਵਸ਼ਾਲੀ ਸਾਧਨ
ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਅੰਤਰਰਾਸ਼ਟਰੀ ਤਜਰਬੇ ਵਾਲੇ ਖਿਡਾਰੀਆਂ ਨੂੰ ਕੋਚ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ । ਉਨ੍ਹਾਂ ਦਾ ਤਜਰਬਾ ਨੌਜਵਾਨ ਖਿਡਾਰੀਆਂ ਨੂੰ ਆਧੁਨਿਕ ਤਕਨੀਕਾਂ ਸਿਖਾਉਣ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਸਹੀ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ । ਖੇਡਾਂ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰੱਖਣ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹਨ । ਖੇਡਾਂ ਨਾਲ ਜੁੜਿਆ ਨੌਜਵਾਨ ਸਰੀਰਕ ਅਤੇ ਮਾਨਸਿਕ ਤੌਰ `ਤੇ ਤੰਦਰੁਸਤ ਹੁੰਦਾ ਹੈ ਅਤੇ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਪ੍ਰੇਰਿਤ ਹੁੰਦਾ ਹੈ। ਇਸ ਲਈ ਖੇਡਾਂ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇੱਕ ਤੰਦਰੁਸਤ ਅਤੇ ਜਾਗਰੂਕ ਸਮਾਜ ਦੀ ਨੀਂਹ ਵੀ ਹਨ ।
ਪਿੰਡਾਂ ਵਿਚੋਂ ਨਿਕਲੇ ਨੌਜਵਾਨ ਵਿਸ਼ਵ ਪੱਧਰ ‘ਤੇ ਨਵੇਂ ਕੀਰਤੀਮਾਨ ਕਰਨਗੇ ਸਥਾਪਤ
ਮਾਨ ਸਰਕਾਰ (Mann Sarkar) ਦਾ ਟੀਚਾ ਪਿੰਡਾਂ ਦੇ ਖੇਡ ਮੈਦਾਨਾਂ ਤੋਂ ਉੱਭਰਦੀ ਪ੍ਰਤਿਭਾ ਨੂੰ ਵਿਸ਼ਵ ਪੱਧਰ ਦੇ ਮੰਚ ਤੱਕ ਪਹੁੰਚਾਉਣਾ ਹੈ । ਐਸਟਰੋਟਰਫ, ਸਿੰਥੈਟਿਕ ਟਰੈਕ, ਆਧੁਨਿਕ ਕੋਚਿੰਗ, ਪੌਸ਼ਟਿਕ ਖੁਰਾਕ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਖਿਡਾਰੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ । ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਪਿੰਡਾਂ ਵਿੱਚੋਂ ਨਿਕਲੇ ਇਹ ਨੌਜਵਾਨ ਵਿਸ਼ਵ ਪੱਧਰ `ਤੇ ਨਵੇਂ ਕੀਰਤੀਮਾਨ ਸਥਾਪਿਤ ਕਰਨਗੇ ਅਤੇ ਪੰਜਾਬ ਨੂੰ ਦੁਬਾਰਾ ਖੇਡਾਂ ਦਾ ਮੋਹਰੀ ਸੂਬਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ।








