ਲੁਧਿਆਣਾ, 28 ਸਤੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਇਕ ਵਿਆਹੇ ਨੌਜਵਾਨ ਦੀ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜਹਿਰੀਲਾ ਪਦਾਰਥ ਨਿਗਲਣ ਨਾਲ ਮੌਤ (Death) ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਡੇਹਲੋਂ ਥਾਣਾ ਖੇਤਰ ਵਿਚ ਇਕ ਨੌਜਵਾਨ ਜਿਸ ਵਲੋਂ ਸ਼ੱਕੀ ਹਾਲਾਤ ਵਿੱਚ ਜ਼ਹਿਰੀਲਾ ਪਦਾਰਥ (Toxic substance) ਨਿਗਲ ਲਿਆ ਹੈ ਤੇ ਇਲਾਜ ਦੌਰਾਨ ਉਸਦੀ ਮੌਤ ਵੀ ਹੋ ਗਈ ਹੈ ਦੀ ਪਛਾਣ ਮਨਦੀਪ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮਨਦੀਪ ਦੀ ਹਾਲਤ ਵਿਗੜਨ ‘ਤੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਪਰ ਉਹ ਨਹੀਂ ਬਚ ਸਕਿਆ ।
ਕੀ ਕਾਰਨ ਦੱਸਿਆ ਜਾ ਰਿਹਾ ਹੈ ਨੌਜਵਾਨ ਵਲੋਂ ਜਹਿਰੀਲਾ ਪਦਾਰਥ ਨਿਗਲਣ ਦਾ
ਉਕਤ ਨੌਜਵਾਨ ਮਨਦੀਪ ਦੇ ਇੱਕ ਰਿਸ਼ਤੇਦਾਰ ਭੋਲਾ ਨੇ ਦੱਸਿਆ ਕਿ ਮਨਦੀਪ ਦਾ ਵਿਆਹ ਕਰੀਬ ਸੱਤ-ਅੱਠ ਮਹੀਨੇ ਪਹਿਲਾਂ ਹੋਇਆ ਸੀ ਅਤੇ ਉਸ ਦੀ ਪਤਨੀ ਪਿਛਲੇ ਦਸ ਕੁ ਦਿਨਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ । ਮਨਦੀਪ ਉਸ ਨੂੰ ਵਾਪਸ ਲੈਣ ਲਈ ਉੱਥੇ ਗਿਆ, ਜਿਥੇ ਉਸ ਦੀ ਪਤਨੀ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਨੂੰ ਵਾਪਸ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਗੱਲ ਨੇ ਮਨਦੀਪ ਨੂੰ ਮਾਨਸਿਕ ਤੌਰ `ਤੇ ਪ੍ਰੇਸ਼ਾਨ (Mentally disturbed) ਕਰ ਦਿੱਤਾ । ਪਰਿਵਾਰਕ ਮੈਂਬਰਾਂ ਅਨੁਸਾਰ ਇਸ ਤੋਂ ਬਾਅਦ ਮਨਦੀਪ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ।
ਨੌਜਵਾਨ ਨੇ ਕੀਤੀ ਸੀ ਜਹਿਰੀਲਾ ਪਦਾਰਥ ਨਿਗਲਣ ਤੋਂ ਪਹਿਲਾਂ ਵੀਡੀਓ ਰਿਕਾਰਡ
ਪ੍ਰਾਪਤ ਸੂਚਨਾ ਮੁਤਾਬਕ ਉਕਤ ਨੌਜਵਾਨ ਮਨਦੀਪ ਸਿੰਘ ਨੇ ਜ਼ਹਿਰ ਖਾਣ ਤੋਂ ਪਹਿਲਾਂ ਇੱਕ ਵੀਡੀਓ ਵੀ ਰਿਕਾਰਡ ਕੀਤੀ ਸੀ, ਜਿਸ ਵਿਚ ਉਸਨੇ ਆਪਣੀ ਮੌਤ ਲਈ ਆਪਣੇ ਸਹੁਰੇ ਪਰਿਵਾਰ ਨੂੰ ਜਿ਼ੰਮੇਵਾਰ ਠਹਿਰਾਇਆ ਸੀ । ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ।
ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ
ਉਪਰੋਕਤ ਜਹਿਰੀਲਾ ਪਦਾਰਥ ਨਿਗਲਣ ਅਤੇ ਵੀਡੀਓ ਰਿਕਾਰਡਿੰਗ ਵਿਚ ਲਗਾਏ ਗਏ ਦੋਸ਼ਾਂ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ । ਪੁਲਸ ਵਲੋਂ ਆਖਿਆ ਜਾ ਰਿਹਾ ਹੈ ਕਿ ਮੌਤ ਦਾ ਅਸਲ ਕਾਰਨ ਅਤੇ ਵੀਡੀਓ ਵਿੱਚ ਲਗਾਏ ਗਏ ਦੋਸ਼ਾਂ ਦੀ ਸੱਚਾਈ ਦੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ । ਪੋਸਟਮਾਰਟਮ ਰਿਪੋਰਟ (Postmortem report) ਅਤੇ ਸਬੂਤਾਂ ਦੇ ਆਧਾਰ `ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ।








